ਜੰਮੂ ''ਚ ਕੌਮਾਂਤਰੀ ਸਰਹੱਦ ''ਤੇ ਨਜ਼ਰ ਆਏ ਪਾਕਿਸਤਾਨ ਦੇ ਡਰੋਨ ''ਤੇ BSF ਜਵਾਨਾਂ ਨੇ ਚਲਾਈਆਂ ਗੋਲੀਆਂ
Friday, Jul 02, 2021 - 10:46 AM (IST)
ਜੰਮੂ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਕੌਮਾਂਤਰੀ ਸਰਹੱਦ ਤੋਂ ਭਾਰਤੀ ਖੇਤਰ 'ਚ ਆਉਣ ਦੀ ਕੋਸ਼ਿਸ਼ ਕਰ ਰਹੇ ਇਕ ਸ਼ੱਕੀ ਪਾਕਿਸਤਾਨੀ ਨਿਗਰਾਨੀ ਡਰੋਨ 'ਤੇ ਸ਼ੁੱਕਰਵਾਰ ਨੂੰ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਦੇ ਸਰਗਰਮ ਜਵਾਨਾਂ ਨੇ ਤੜਕੇ 4.25 ਵਜੇ ਜੰਮੂ ਦੇ ਬਾਹਰੀ ਖੇਤਰ 'ਚ ਸਥਿਤ ਅਰਨੀਆ ਸੈਕਟਰ 'ਚ ਸ਼ੱਕੀ ਡਰੋਨ ਦੇਕਿਆ। ਇਸ ਨੂੰ ਸੁੱਟਣ ਲਈ ਸਰਹੱਦੀ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੇ ਅੱਧਾ ਦਰਜਨ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਚੱਲਾ ਗਿਆ।
ਬੀ.ਐੱਸ.ਐੱਫ਼ ਬੁਲਾਰੇ ਨੇ ਦੱਸਿਆ,''ਫ਼ੋਰਸ ਦੇ ਚੌਕਸ ਜਵਾਨਾਂ ਨੇ ਸ਼ੁੱਕਰਵਾਰ ਨੂੰ ਅਰਨੀਆ ਸੈਕਟਰ 'ਚ ਕੌਮਾਂਤਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨ ਦੇ ਇਕ ਛੋਟੇ ਡਰੋਨ 'ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਕਾਰਨ ਡਰੋਨ ਤੁਰੰਤ ਹੀ ਵਾਪਸ ਚੱਲਾ ਗਿਆ।'' ਉਨ੍ਹਾਂ ਦੱਸਿਆ ਕਿ ਡਰੋਨ ਇਲਾਕੇ ਦੀ ਨਿਗਰਾਨੀ ਕਰਨ ਲਈ ਆਇਆ ਸੀ। ਐਤਵਾਰ ਨੂੰ ਇੱਥੇ ਸਥਿਤ ਭਾਰਤੀ ਹਵਾਈ ਫ਼ੌਜ ਦੇ ਸਟੇਸ਼ਨ 'ਤੇ ਡਰੋਨ ਹਮਲੇ ਦੇ ਬਾਅਦ ਤੋਂ ਜੰਮੂ ਕਸ਼ਮੀਰ 'ਚ ਸੁਰੱਖਿਆ ਫ਼ੋਰਸ ਹਾਈ ਅਲਰਟ 'ਤੇ ਹਨ। ਉਦੋਂ ਜੰਮੂ ਹਵਾਈ ਅੱਡਾ ਕੰਪਲੈਕਸ 'ਚ ਸਥਿਤ ਹਵਾਈ ਫ਼ੌਜ ਸਟੇਸ਼ਨ 'ਤੇ ਵਿਸਫ਼ੋਟਕਾਂ ਨਾਲ ਭਰੇ ਡਰੋਨ ਸੁੱਟੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਸੀ ਕਿ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਪਾਕਿਸਤਾਨ ਦੇ ਸ਼ੱਕੀ ਅੱਤਵਾਦੀਆਂ ਨੇ ਹਮਲੇ 'ਚ ਮਨੁੱਖ ਰਹਿਤ ਯਾਨ ਦੀ ਵਰਤੋਂ ਕੀਤੀ ਹੈ। ਇਸ ਤੋਂ ਬਾਅਦ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਜੰਮੂ ਦੇ ਵੱਖ-ਵੱਖ ਇਲਾਕਿਆਂ'ਚ ਰਾਤ ਦੇ ਸਮੇਂ ਮਹੱਤਵਪੂਰਨ ਫ਼ੌਜ ਟਿਕਾਣਿਆਂ ਉੱਪਰ ਡਰੋਨ ਉੱਡਦੇ ਨਜ਼ਰ ਆਏ ਸਨ।