ਭਾਰਤ-ਬੰਗਲਾਦੇਸ਼ ਸਰਹੱਦ ’ਤੇ ਹੁਣ ਮਧੂ-ਮੱਖੀਆਂ ਰੋਕਣਗੀਆਂ ਅਪਰਾਧ, ਜਾਣੋ ਕੀ ਹੈ BSF ਦਾ ਪਲਾਨ

Monday, Nov 06, 2023 - 01:41 PM (IST)

ਭਾਰਤ-ਬੰਗਲਾਦੇਸ਼ ਸਰਹੱਦ ’ਤੇ ਹੁਣ ਮਧੂ-ਮੱਖੀਆਂ ਰੋਕਣਗੀਆਂ ਅਪਰਾਧ, ਜਾਣੋ ਕੀ ਹੈ BSF ਦਾ ਪਲਾਨ

ਨਵੀਂ ਦਿੱਲੀ/ਕੋਲਕਾਤਾ, (ਭਾਸ਼ਾ)- ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਭਾਰਤ-ਬੰਗਲਾਦੇਸ਼ ਸਰਹੱਦ ’ਤੇ ਪਸ਼ੂਆਂ ਦੀ ਸਮੱਗਲਿੰਗ ਸਮੇਤ ਹੋਰ ਅਪਰਾਧਾਂ ਨੂੰ ਰੋਕਣ ਲਈ ਇਕ ਅਨੋਖਾ ਪ੍ਰਯੋਗ ਕਰ ਰਹੀ ਹੈ, ਜਿਸ ਦੇ ਤਹਿਤ ਉਹ ਉੱਥੇ ਮਧੂ-ਮੱਖੀਆਂ ਦੇ ਛੱਤੇ ਲਗਾ ਰਹੀ ਹੈ। ਉਸ ਦੀ ਇਸ ਪਹਿਲ ਨਾਲ ਸਥਾਨਕ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਹੋਣਗੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਪਣੀ ਤਰ੍ਹਾਂ ਦੀ ਇਸ ਪਹਿਲੀ ਯੋਜਨਾ ਨੂੰ ਬੀ. ਐੱਸ. ਐੱਫ. ਦੀ 32ਵੀਂ ਬਟਾਲੀਅਨ ਨੇ ਨਾਦੀਆ ਜ਼ਿਲੇ ਦੇ ਸਰਹੱਦੀ ਖੇਤਰ ’ਚ ਸ਼ੁਰੂ ਕੀਤੀ ਹੈ, ਤਾਂ ਜੋ ਸਰਹੱਦ ’ਤੇ ਸੁਰੱਖਿਆ ਨੂੰ ਯਕੀਨੀ ਬਣਾਈ ਜਾ ਸਕੇ ਅਤੇ ਸਥਾਨਕ ਲੋਕਾਂ ਨੂੰ ਮਧੂ-ਮੱਖੀ ਪਾਲਣ ਦੇ ਕਿੱਤੇ ਨਾਲ ਜੋੜਿਆ ਜਾ ਸਕੇ।

ਭਾਰਤ ਅਤੇ ਬੰਗਲਾਦੇਸ਼ 4,096 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦੇ ਹਨ, ਜਿਸ ’ਚੋਂ 2,217 ਕਿਲੋਮੀਟਰ ਪੱਛਮੀ ਬੰਗਾਲ ਨਾਲ ਲੱਗਦੀ ਹੈ। ਬੀ. ਐੱਸ. ਐੱਫ. ਨੇ ਇਸ ਪ੍ਰਾਜੈਕਟ ਲਈ ਆਯੂਸ਼ ਮੰਤਰਾਲੇ ਨੂੰ ਵੀ ਸ਼ਾਮਲ ਕੀਤਾ ਹੈ। ਮੰਤਰਾਲੇ ਨੇ ਬੀ. ਐੱਸ. ਐੱਫ. ਨੂੰ ਮਧੂ-ਮੱਖੀਆਂ ਦੇ ਛੱਤੇ ਅਤੇ ਮਿਸ਼ਰਤ ਧਾਤੂ ਨਾਲ ਬਣੀਆਂ ‘ਸਮਾਰਟ ਵਾੜਾਂ’ ਉੱਤੇ ਸਹੀ ਢੰਗ ਨਾਲ ਲਾਉਣ ਲਈ ਜ਼ਰੂਰੀ ਮੁਹਾਰਤ ਪ੍ਰਦਾਨ ਕੀਤੀ ਹੈ।

ਇਸ ਪ੍ਰਾਜੈਕਟ ਦੀ ਕਲਪਨਾ ਕਰਨ ਵਾਲੇ ਬੀ. ਐੱਸ. ਐੱਫ. ਦੀ 32ਵੀਂ ਬਟਾਲੀਅਨ ਦੇ ਕਮਾਂਡੈਂਟ ਸੁਜੀਤ ਕੁਮਾਰ ਨੇ ਦੱਸਿਆ ਕਿ ਇਸ ਨੇ ਕੇਂਦਰ ਦੇ ‘ਵਾਈਬ੍ਰੈਂਟ ਵਿਲੇਜ ਪ੍ਰੋਗਰਾਮ’ (ਵੀ. ਵੀ. ਪੀ.) ਦੇ ਤਹਿਤ ਇਹ ਪਹਿਲਕਦਮੀ ਕੀਤੀ ਹੈ। ਨਾਲ ਹੀ, ਬੀ. ਐੱਸ. ਐੱਫ. ਨੇ ਇਕ ਕਦਮ ਅੱਗੇ ਵਧਾਉਂਦੇ ਹੋਏ ਆਯੂਸ਼ ਮੰਤਰਾਲੇ ਨੂੰ ਮੈਡੀਸਨਲ ਪੌਦੇ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੂੰ ਫੁੱਲ ਲੱਗਦੇ ਹਨ ਅਤੇ ਇਨ੍ਹਾਂ ਨੂੰ ਮਧੂ-ਮੱਖੀਆਂ ਦੇ ਛੱਤਿਆਂ ਦੇ ਆਸ-ਪਾਸ ਲਾਇਆ ਜਾ ਸਕਦਾ ਹੈ, ਤਾਂ ਜੋ ਮੱਖੀਆਂ ਭਰਪੂਰ ਮਾਤਰਾ ’ਚ ਪੋਲੀਨੇਸ਼ਨ ਕਰ ਸਕਣ।


author

Rakesh

Content Editor

Related News