ਜੰਮੂ ਕਸ਼ਮੀਰ : ਸਾਂਬਾ ''ਚ BSF ਨੇ ਕੌਮਾਂਤਰੀ ਸਰਹੱਦ ''ਤੇ ਪਾਕਿਸਤਾਨੀ ਡਰੋਨ ''ਤੇ ਕੀਤੀ ਗੋਲੀਬਾਰੀ
Wednesday, Mar 22, 2023 - 11:25 AM (IST)
ਸਾਂਬਾ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਕੌਮਾਂਤਰੀ ਸਰਹੱਦ ਕੋਲ ਉੱਡ ਰਹੇ ਇਕ ਸ਼ੱਕੀ ਪਾਕਿਸਤਾਨੀ ਡਰੋਨ 'ਤੇ ਬੁੱਧਵਾਰ ਤੜਕੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਇਲਾਕੇ 'ਚ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਰਾਮਗੜ੍ਹ ਸਬ ਸੈਕਟਰ 'ਚ ਚਮਲਿਆਲ ਸਰਹੱਦੀ ਚੌਕੀ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਮੰਗਲਵਾਰ ਦੇਰ ਰਾਤ 2.30 ਵਜੇ ਦੇ ਨੇੜੇ-ਤੇੜੇ ਪਾਕਿਸਤਾਨ ਵੱਲ ਆਕਾਸ਼ 'ਚ ਟਿਮਟਿਮਾਉਂਦੀ ਲਾਲ ਰੋਸ਼ਨੀ ਦੇਖੀ, ਜੋ ਡਰੋਨ ਸੀ। ਜਵਾਨਾਂ ਨੇ ਉਸ ਨੂੰ ਮਾਰ ਸੁੱਟਣ ਲਈ 2 ਦਰਜਨ ਤੋਂ ਵੱਧ ਗੋਲੀਆਂ ਚਲਾਈਆਂ।
ਸੂਤਰਾਂ ਅਨੁਸਾਰ, ਸ਼ੱਕੀ ਡਰੋਨ ਪਾਕਿਸਤਾਨ ਵੱਲ ਗਿਆ, ਜਿਸ ਤੋਂ ਬਾਅਦ ਚਮਲਿਆਲ, ਸਪਵਾਲ ਅਤੇ ਨਾਰਾਇਣਪੁਰ ਸਰਹੱਦ ਚੌਕੀਆਂ ਨਾਲ ਲੱਗਦੇ ਮੋਹਰੀ ਪਿੰਡਾਂ 'ਚ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਡਰੋਨ ਰਾਹੀਂ ਖੇਤਰ 'ਚ ਕੋਈ ਹਥਿਆਰ ਅਤੇ ਨਸ਼ੀਲੇ ਪਦਾਰਥ ਤਾਂ ਨਹੀਂ ਸੁੱਟੇ ਗਏ ਹਨ। ਸੂਤਰਾਂ ਅਨੁਸਾਰ, ਮੁਹਿੰਮ ਲਈ ਵੱਡੀ ਗਿਣਤੀ 'ਚ ਤਾਇਨਾਤ ਬੀ.ਐੱਸ.ਐੱਫ. ਜਵਾਨ ਦੁਗ, ਚੰਨੀ-ਸਪਵਾਲ ਅਤੇ ਆਸਮਪੁਰ ਪਿੰਡਾਂ ਦੇ ਖੁੱਲ੍ਹੇ ਮੈਦਾਨਾਂ 'ਚ ਤਲਾਸ਼ੀ ਲੈ ਰਹੇ ਹਨ।