ਭਾਰਤ ਦੀ ਬਰਤਾਨੀਆ ਨੂੰ ਸਪੱਸ਼ਟ ਬਿਆਨੀ, ਜੌਹਲ ਨੂੰ ਕਾਨੂੰਨ ਦਾ ਕਰਨਾ ਹੀ ਪਏਗਾ ਸਾਹਮਣਾ
Wednesday, Jun 13, 2018 - 01:54 AM (IST)

ਨਵੀਂ ਦਿੱਲੀ— ਪੰਜਾਬ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ.ਐੱਸ.) ਦੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਬਰਤਾਨੀਆ ਦੇ ਇਕ ਨਾਗਰਿਕ ਨੂੰ ਭਾਰਤ ਵਿਚ ਕਾਨੂੰਨ ਦਾ ਸਾਹਮਣਾ ਕਰਨਾ ਹੀ ਪਏਗਾ। ਇਹ ਗੱਲ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਬਰਤਾਨੀਆ ਦੀ ਆਪਣੀ ਹਮ ਅਹੁਦਾ ਬੇਰੋਨੇਸ ਵਿਲੀਅਮਜ਼ ਨੂੰ ਸਪੱਸ਼ਟ ਕਹੀ। ਇਕ ਅਧਿਕਾਰੀ ਨੇ ਮੰਗਲਵਾਰ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਸੋਮਵਾਰ ਇਥੇ ਇਕ ਘੰਟੇ ਤੱਕ ਚੱਲੀ ਬੈਠਕ ਦੌਰਾਨ ਰਿਜਿਜੂ ਨੇ ਬੇਰੋਨੇਸ ਨੂੰ ਕਿਹਾ ਕਿ ਜਗਤਾਰ ਸਿੰਘ ਜੌਹਲ ਨੂੰ ਜਨਵਰੀ 2016 ਤੋਂ ਅਕਤੂਬਰ 2017 ਦਰਮਿਆਨ ਆਰ. ਐੱਸ.ਐੱਸ., ਸ਼ਿਵ ਸੈਨਾ ਅਤੇ ਡੇਰਾ ਸੱਚਾ ਸੌਦਾ ਦੇ 7 ਆਗੂਆਂ ਦੀ ਹੱਤਿਆ ਨੂੰ ਅੰਜਾਮ ਦੇਣ ਵਾਲੇ ਸਾਜ਼ਿਸ਼ੀਆਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ।
ਅਧਿਕਾਰੀ ਮੁਤਾਬਕ ਮੰਤਰੀ ਨੂੰ ਦੱਸ ਦਿੱਤਾ ਗਿਆ ਹੈ ਕਿ ਜੌਹਲ ਨੂੰ ਪੰਜਾਬ ਵਿਚ ਵਾਪਰੀਆਂ ਉਕਤ ਘਟਨਾਵਾਂ ਵਿਚ ਉਸ ਦੀ ਕਥਿਤ ਭੂਮਿਕਾ ਲਈ ਭਾਰਤ ਦੇ ਕਾਨੂੰਨ ਦਾ ਸਾਹਮਣਾ ਕਰਨਾ ਪਏਗਾ। ਰਾਸ਼ਟਰੀ ਜਾਂਚ ਏਜੰਸੀ ਨੇ 4 ਮਈ ਨੂੰ ਪੰਜਾਬ ਦੇ ਮੋਹਾਲੀ ਦੀ ਇਕ ਅਦਾਲਤ ਵਿਚ ਦਾਇਰ ਦੋਸ਼ ਪੱਤਰ ਵਿਚ ਦਾਅਵਾ ਕੀਤਾ ਸੀ ਕਿ ਜੌਹਲ ਪਿਛਲੇ ਸਾਲ ਅਕਤੂਬਰ ਵਿਚ ਆਰ. ਐੱਸ. ਐੱਸ. ਦੇ ਨੇਤਾ ਰਵਿੰਦਰ ਗੋਸਾਈ ਦੀ ਲੁਧਿਆਣਾ ਵਿਚ ਹੋਈ ਹੱਤਿਆ ਦੀ ਸਾਜ਼ਿਸ਼ ਲਈ ਧਨ ਮੁਹੱਈਆ ਕਰਵਾਉਣ ਦੇ ਮਾਮਲੇ ਵਿਚ ਸ਼ਾਮਲ ਹੈ।