ਹੈਲੀਕਾਪਟਰ ’ਤੇ ਆਇਆ ਲਾੜਾ, ਵਿਆਹ ਦੇ ਚਾਅ ’ਚ ਭੁੱਲੇ ਕਾਇਦੇ-ਕਾਨੂੰਨ
Wednesday, Feb 20, 2019 - 02:48 PM (IST)

ਹਰਿਆਣਾ- ਹਰ ਜੋੜਾ ਆਪਣੇ ਵਿਆਹ ਨੂੰ ਯਾਦਗਾਰੀ ਬਣਾਉਣਾ ਚਾਹੁੰਦਾ ਹੈ ਪਰ ਅਜਿਹੇ ਮੌਕੇ 'ਤੇ ਅਕਸਰ ਕੋਈ ਨਾ ਅਜਿਹੀ ਗਲਤੀ ਹੋ ਜਾਂਦੀ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਅਜਿਹੀ ਹੀ ਇੱਕ ਗਲਤੀ ਕੀਤੀ ਹੈ ਹਰਿਆਣਾ ਦੇ ਪੈਰਾ ਕਮਾਂਡੋ 'ਚ ਤਾਇਨਾਤ ਸੰਜੀਵ ਰਾਣਾ ਨੇ, ਜੋ ਬਿਨ੍ਹਾਂ ਇਜ਼ਾਜਤ ਹੈਲੀਕਾਪਟਰ ਲੈ ਕੇ ਮਾਲਵਾ ਦੇ ਇੱਕ ਪਿੰਡ 'ਚ ਆਪਣੀ ਲਾੜੀ ਨੂੰ ਵਿਆਹੁਣ ਲਈ ਪਹੁੰਚਿਆ।
ਜਾਣਕਾਰੀ ਮੁਤਾਬਕ ਹਰਿਆਣਾ ਦੇ ਜ਼ਿਲਾ ਕੈਥਲ ਦੇ ਪਿੰਡ ਕਲੈਤ ਤੋਂ ਸੰਜੀਵ ਰਾਣਾ ਮੰਗਲਵਾਰ ਨੂੰ ਮੋਹਾਲੀ ਦੇ ਇਕ ਪਿੰਡ 'ਚ ਪ੍ਰਿਆ ਨਾਂ ਦੀ ਲੜਕੀ ਨੂੰ ਵਿਆਹੁਣ ਲਈ ਹੈਲੀਕਾਪਟਰ ਰਾਹੀਂ ਪਹੁੰਚਿਆ। ਇਸ ਵਿਆਹ 'ਚ ਜਿੱਥੇ ਇੱਕ ਪਾਸੇ ਸੰਜੀਵ ਨੇ ਬਿਨਾਂ ਇਜ਼ਾਜਤ ਦੇ ਹੈਲੀਕਾਪਟਰ ਪਿੰਡ 'ਚ ਕੱਚੇ ਤੌਰ 'ਤੇ ਬਣਾਏ ਹੈਲੀਪੈਡ 'ਤੇ ਲੈਂਡ ਕਰਵਾ ਦਿੱਤਾ ਅਤੇ ਦੂਜੇ ਪਾਸੇ ਉਸ ਦੇ ਪਿਤਾ ਰਿਟਾਇਰਡ ਫੌਜੀ ਰਮਲਾ ਰਾਮ ਨੇ ਆਪਣੀ ਦੋਨਾਲੀ ਰਾਹੀਂ ਵਿਆਹ 'ਚ 17 ਹਵਾਈ ਫਾਇਰ ਕੀਤੇ। ਇਸ ਸੰਬੰਧੀ ਡੀ. ਸੀ. ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਹੈ ਕਿ ਹੈਲੀਕਾਪਟਰ ਲੈਂਡਿੰਗ ਦੀ ਇਜ਼ਾਜਤ ਐੱਸ. ਡੀ. ਐੱਮ. ਦਿੰਦਾ ਹੈ ਪਰ ਐੱਸ. ਡੀ. ਐੱਮ. ਜਗਦੀਪ ਸਹਿਗਲ ਨੇ ਕਿਹਾ ਹੈ ਕਿ ਉਹ ਇਲਾਕਾ ਮੇਰੇ ਕੋਲ ਨਹੀਂ ਹੈ।