ਬਾਈਕਾਟ ਦੀ ਸੰਸਕ੍ਰਿਤੀ ਨਾਲ ਮਾਹੌਲ ਹੁੰਦਾ ਹੈ ਖਰਾਬ : ਅਨੁਰਾਗ ਠਾਕੁਰ

01/28/2023 12:47:21 PM

ਮੁੰਬਈ, (ਭਾਸ਼ਾ)– ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕੁਝ ਫਿਲਮਾਂ ਨੂੰ ਨਿਸ਼ਾਨਾ ਬਣਾਉਣ ਵਾਲੀ ‘ਬਾਈਕਾਟ ਦੀ ਸੰਸਕ੍ਰਿਤੀ’ ਦੀ ਸ਼ੁੱਕਰਵਾਰ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਮਾਹੌਲ ਨੂੰ ਖਰਾਬ ਕਰਦੀਆਂ ਹਨ ।

ਠਾਕੁਰ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐਸ.ਸੀ.ਓ.) ਫਿਲਮ ਫੈਸਟੀਵਲ ਦਾ ਉਦਘਾਟਨ ਕਰਨ ਲਈ ਮੁੰਬਈ ਵਿੱਚ ਹਨ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਜਦੋਂਕਿ ਭਾਰਤ ਇੱਕ ‘ਨਰਮ ਸ਼ਕਤੀ’ ਵਜੋਂ ਆਪਣਾ ਪ੍ਰਭਾਵ ਵਧਾਉਣ ਲਈ ਉਤਾਵਲਾ ਹੈ, ਇੰਝ ਬਿਲਕੁਲ ਨਹੀਂ ਹੋਣਾ ਚਾਹੀਦਾ।

ਜੇ ਕਿਸੇ ਨੂੰ ਫਿਲਮ ਨੂੰ ਲੈ ਕੇ ਕੋਈ ਸਮੱਸਿਆ ਹੈ ਤਾਂ ਉਸ ਨੂੰ ਸਬੰਧਤ ਸਰਕਾਰੀ ਵਿਭਾਗ ਨਾਲ ਗੱਲ ਕਰਨੀ ਚਾਹੀਦੀ ਹੈ ਜੋ ਫਿਲਮ ਨਿਰਮਾਤਾਵਾਂ ਕੋਲ ਇਸ ਮੁੱਦੇ ਨੂੰ ਉਠਾ ਸਕਦਾ ਹੈ।

ਵੱਖ-ਵੱਖ ਗਰੁੱਪਾਂ ਵੱਲੋਂ ਫਿਲਮਾਂ ਦੇ ਬਾਈਕਾਟ ਬਾਰੇ ਪੁੱਛੇ ਜਾਣ ’ਤੇ ਠਾਕੁਰ ਨੇ ਕਿਹਾ ਕਿ ਹੁਣ ਜਦੋਂ ਭਾਰਤੀ ਫਿਲਮਾਂ ਦੇਸ਼ ਦੇ ਹਰ ਕੋਨੇ ’ਚ ਵਿਕ ਰਹੀਆਂ ਹਨ, ਦੁਨੀਆ ’ਚ ਵੀ ਧੁੰਮਾਂ ਪਾ ਰਹੀਆਂ ਹਨ ਤਾਂ ਅਜਿਹੀਆਂ ਗਲਾਂ ਮਾਹੌਲ ਨੂੰ ਖਰਾਬ ਕਰਦੀਆਂ ਹਨ।

ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਬੁੱਧਵਾਰ ਰਿਲੀਜ਼ ਹੋਈ ਸ਼ਾਹਰੁਖ ਖਾਨ ਸਟਾਰਰ ਫਿਲਮ ‘ਪਠਾਨ’ ਦਾ ਬਾਈਕਾਟ ਕਰਨ ਲਈ ਕਿਹਾ ਜਾ ਰਿਹਾ ਹੈ। ਪਿਛਲੇ ਦਿਨੀਂ ਅਦਾਕਾਰ ਅਕਸ਼ੈ ਕੁਮਾਰ ਦੀ ‘ਸਮਰਾਟ ਪ੍ਰਿਥਵੀਰਾਜ’, ਆਮਿਰ ਖਾਨ ਦੀ ‘ਲਾਲ ਸਿੰਘ ਚੱਢਾ’ ਅਤੇ ਦੀਪਿਕਾ ਪਾਦੂਕੋਣ ਦੀ ‘ਪਦਮਾਵਤ’ ਨੂੰ ਬਾਈਕਾਟ ਦੇ ਸੱਦੇ ਦਾ ਸਾਹਮਣਾ ਕਰਨਾ ਪਿਆ ਸੀ।

ਠਾਕੁਰ ਨੇ ਕਿਹਾ ਕਿ ਕੁਝ ਲੋਕ ਪੂਰੀ ਤਰ੍ਹਾਂ ਜਾਣਨ ਤੋਂ ਪਹਿਲਾਂ ਹੀ ਟਿੱਪਣੀ ਕਰਨ ਲਗ ਪੈਂਦੇ ਹਨ। ਇਸ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅਜਿਹਾ ਨਹੀਂ ਹੋਣਾ ਚਾਹੀਦਾ।

ਐਸ. ਸੀ. ਓ. ਨਿਰੀਖਕ ਦੇਸ਼ਾਂ ਅਤੇ ਸੰਵਾਦ ਭਾਈਵਾਲਾਂ ਨੇ ਫਿਲਮ ਫੈਸਟੀਵਲ ਦੇ ਗੈਰ-ਮੁਕਾਬਲੇ ਵਾਲੇ ਵਰਗ ਵਿੱਚ ਐਂਟਰੀਆਂ ਭੇਜੀਆਂ ਹਨ। ਇੱਥੇ ਅੱਠ ਯੂਰੇਸ਼ੀਅਨ ਦੇਸ਼ਾਂ ਦੇ ਖੇਤਰੀ ਗਰੁੱਪ ਦੀਆਂ 58 ਫਿਲਮਾਂ ਨੂੰ ਪ੍ਰਦਰਸ਼ਿਤ ਕੀਤਾ ਜਾਏਗਾ। ਠਾਕੁਰ ਨੇ ਰਚਨਾਤਮਕ ਖੁਦਮੁਖਤਿਆਰੀ ਲਈ ਇੱਕ ਮਜ਼ਬੂਤ ​​​​ਪਿਚ ਵੀ ਬਣਾਈ ਅਤੇ ਕਿਹਾ ਕਿ ‘ਓਵਰ-ਦੀ-ਟਾਪ' (ਓ. ਟੀ. ਟੀ.) ਪਲੇਟਫਾਰਮਾਂ ’ਤੇ ਸਮੱਗਰੀ ਦੀ ਨਿਗਰਾਨੀ ਕਰਨ ਲਈ ਢੁਕਵੇਂ ਉਪਾਅ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਰਚਨਾਤਮਕਤਾ ’ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਸਮੱਗਰੀ ਬਾਰੇ ਸ਼ਿਕਾਇਤਾਂ ਮਿਲਦੀਆਂ ਹਨ। ਲਗਭਗ 95 ਫੀਸਦੀ ਸ਼ਿਕਾਇਤਾਂ ਦਾ ਹੱਲ ਨਿਰਮਾਤਾ ਪੱਧਰ ’ਤੇ ਕੀਤਾ ਜਾਂਦਾ ਹੈ । ਬਾਕੀਆਂ ਦਾ ਨਿਪਟਾਰਾ ਦੂਜੇ ਪੜਾਅ ’ਤੇ ‘ਐਸੋਸੀਏਸ਼ਨ ਆਫ਼ ਪਬਲਿਸ਼ਰਜ਼ ਵਲੋਂ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅੰਤਰ-ਵਿਭਾਗੀ ਕਮੇਟੀ ਕੋਲ ਸਿਰਫ਼ ਇੱਕ ਫੀਸਦੀ ਸ਼ਿਕਾਇਤਾਂ ਹੀ ਪਹੁੰਚਦੀਆਂ ਹਨ । ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਏ।


Rakesh

Content Editor

Related News