#Boycottchina: ਇਹ ਕਿਹੋ ਜਿਹੀ ਦੇਸ਼ ਭਗਤੀ? ਮਿੰਟਾਂ ’ਚ ਵਿਕ ਗਏ ਸਾਰੇ OnePlus 8 Pro ਫੋਨਸ
Saturday, Jun 20, 2020 - 03:37 PM (IST)

ਗੈਜੇਟ ਡੈਸਕ– ਚੀਨ ਨਾਲ ਹਿੰਸਕ ਝੜਪ ’ਚ ਸ਼ਹੀਦ ਹੋਏ ਭਾਰਤੀ ਜਵਾਨਾਂ ਦੀ ਚਿਖਾ ਦੀ ਅੱਗ ਅਜੇ ਠੰਡੀ ਵੀ ਨਹੀਂ ਹੋਈ ਸੀ ਕਿ ਦੇਸ਼ ਵਾਸੀਆਂ ਦੀ ਦੇਸ਼ ਭਗਤੀ ਦੀ ਲਾਟ ਬਲਣ ਤੋਂ ਪਹਿਲਾਂ ਹੀ ਬੁੱਝ ਗਈ। ਦਰਅਸਲ, ਤਿੰਨ ਦਿਨਾਂ ਤੋਂ ਚੀਨੀ ਪ੍ਰੋਡਕਟਸ #BoyCottChineseProducts ਦਾ ਬਾਈਕਾਟ ਕਰਨ ਵਾਲੀ ਜਨਤਾ ਨੇ ਆਨਲਾਈਨ ਸੇਲ ਸ਼ੁਰੂ ਹੁੰਦੇ ਹੀ ਕੁਝ ਹੀ ਮਿੰਟਾਂ ’ਚ ਚਾਈਨੀਜ਼ ਕੰਪਨੀ ਦੇ ਸਾਰੇ ਵਨਪਲੱਸ 8 ਪ੍ਰੋ ਸਮਾਰਟਫੋਨ ਖਰੀਦ ਲਏ। ਉਮੀਦ ਕੀਤੀ ਜਾ ਰਹੀ ਸੀ ਕਿ ਲੋਕ ਚਾਈਨੀਜ਼ ਕੰਪਨੀ ਦੇ ਮੋਬਾਇਲ ਨਹੀਂ ਖਰੀਦਣਗੇ ਪਰ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ਨੇ ਅੱਜ ਜਿਵੇਂ ਹੀ ਸੇਲ ਸ਼ੁਰੂ ਕੀਤੀ ਤਾਂ ਵੇਖਦੇ ਹੀ ਵੇਖਦੇ ਸਾਰੇ ਸਮਾਰਟਫੋਨ ਆਊਟ-ਆਫ ਸਟਾਕ ਹੋ ਗਏ।
ਬਲੂਮਬਰਗ ਦੀ ਰਿਪੋਰਟ ਮੁਤਾਬਕ, ਇਸ ਗੱਲ ਤੋਂ ਇਹ ਪਤਾ ਚਲਦਾ ਹੈ ਕਿ ਭਾਰਤ ਆਪਣੀ ਚੀਨ ’ਤੇ ਨਿਰਭਰਤਾ ਨੂੰ ਘੱਟ ਕਰਨ ਲਈ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ, ਉਹ ਵੀ ਖ਼ਾਸ ਕਰਕੇ ਸਮਾਰਟਫੋਨਸ ਦੇ ਮਾਮਲੇ ’ਚ। ਦੱਸ ਦੇਈਏ ਕਿ ਵਨਪਲੱਸ ਚੀਨੀ ਕੰਪਨੀ BBK ਇਲੈਕਟ੍ਰੋਨਿਕਸ ਦਾ ਬ੍ਰਾਂਡ ਹੈ ਜੋ ਓਪੋ, ਵੀਵੋ ਅਤੇ ਰੀਅਲਮੀ ਦੇ ਵੀ ਸਮਾਰਟਫੋਨਸ ਬਣਾਉਂਦੀ ਹੈ।
ਆਨਲਾਈਨ ਸ਼ਾਪਿੰਗ ਸਾਈਟਾਂ ’ਤੇ ਅਜੇ ਵੀ ਵਿਕ ਰਹੇ ਚਾਈਨੀਜ਼ ਫੋਨਸ
ਮੰਗਲਾਵਰ ਅਤੇ ਬੁੱਧਵਾਰ ਨੂੰ ਚਾਈਨੀਜ਼ ਸਮਾਰਟਫੋਨਸ ਅਤੇ ਇਲੈਕਟ੍ਰੋਨਿਕਸ ਦੀ ਸੇਲ ’ਤੇ ਬਾਈਕਾਟ ਚਾਈਨਾ ਦਾ ਕੋਈ ਅਸਰ ਨਹੀਂ ਵਿਖਾਈ ਦਿੱਤਾ। ਇਸ ਦੌਰਾਨ ਲੋਕਾਂ ਨੇ ਜੰਮ ਕੇ ਅਜਿਹੇ ਡਿਵਾਈਸਿਜ਼ ਅਤੇ ਚੀਨੀ ਫੋਨਸ ਖਰੀਦੇ ਹਨ। ਇਸ ਮੁੱਦੇ ’ਤੇ ਚਾਈਨੀਜ਼ ਬ੍ਰਾਂਡਸ, ਈ-ਕਾਮਰਸ ਸਾਈਟਾਂ ਅਤੇ ਰਿਟੇਲ ਚੇਨਸ ਦੇ ਸੀਨੀਅਨ ਐਗਜ਼ੀਕਿਊਟਿਵ ਦਾ ਕਹਿਣਾ ਹੈ ਕਿ ਚਾਈਨੀਜ਼ ਬ੍ਰਾਂਡਸ ਲਈ ਇਨ੍ਹੀਂ ਦਿਨੀਂ ਵਪਾਰ ਬਿਲਕੁਲ ਆਮ ਹੀ ਰਿਹਾ ਹੈ, ਯਾਨੀ ਕੰਪਨੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਕਿਉਂ ਹੋ ਰਹੀ ਹੈ ਚਾਈਨੀਜ਼ ਫੋਨਸ ਦੀ ਸੇਲ
ਚਾਈਨੀਜ਼ ਬ੍ਰਾਂਡਸ ਪ੍ਰਸਿੱਧ ਈ-ਕਾਮਰਸ ਸਾਈਟਾਂ ਫਲਿਪਕਾਰਟ ਅਤੇ ਐਮਾਜ਼ੋਨ ’ਤੇ ਸਮਾਰਟਫੋਨਸ ਦੀ ਸੇਲ ਅਜੇ ਵੀ ਰੱਖ ਰਹੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬੀਤੇ ਦਿਨੀਂ ਲਾਂਚ ਕੀਤੇ ਗਏ ਸ਼ਾਓਮੀ ਦੇ ਲੈਪਟਾਪ ਦੀ ਸੇਲ Mi.com ’ਤੇ ਰੱਖੀ ਗਈ ਸੀ ਅਤੇ ਕੁਝ ਹੀ ਦੇਰ ’ਚ ਸਾਰੇ ਲੈਪਟਾਪ ਵਿਕ ਗਏ ਸਨ। ਭਾਰਤ ’ਚ ਕੋਈ ਕਹਿੰਦਾ ਹੈ ਬਾਈਕਾਟ ਚਾਈਨਾ ਅਤੇ ਕੋਈ ਇਨ੍ਹਾਂ ਚੀਨੀ ਪ੍ਰੋਡਕਟਸ ਨੂੰ ਕਰੀਦ ਰਿਹਾ ਹੈ। ਅਜਿਹੇ ’ਚ ਜੇਕਰ ਚੀਨੀ ਪ੍ਰੋਡਕਟਸ ਨੂੰ ਬਾਈਕਾਟ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਉਨ੍ਹਾਂ ਦੀ ਉਪਲੱਬਧਤਾ ’ਤੇ ਹੀ ਰੋਕ ਲਗਾਉਣੀ ਹੋਵੇਗੀ।