ਇੰਦੌਰ IIT ਦੇ ਸੈਂਟਰਲ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਪਾਕਿਸਤਾਨ ਤੋਂ ਆਈ ਈਮੇਲ
Saturday, Jul 20, 2024 - 03:33 PM (IST)
ਇੰਦੌਰ- ਇੰਦੌਰ 'ਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ. ਆਈ. ਟੀ.) ਦੇ ਕੈਂਪਸ 'ਤੇ ਸਥਿਤ ਇਕ ਸੈਂਟਰਲ ਸਕੂਲ ਦੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੀ. ਐੱਮ. ਸ਼੍ਰੀ ਸੈਂਟਰਲ ਸਕੂਲ ਨੂੰ ਸ਼ੁੱਕਰਵਾਰ ਸ਼ਾਮ ਨੂੰ ਈਮੇਲ ਮਿਲਿਆ ਅਤੇ ਸ਼ਨੀਵਾਰ ਸਵੇਰੇ ਸਿਮਰੋਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ।
ਪੁਲਸ ਸਬ-ਇੰਸਪੈਕਟਰ ਉਮਾਕਾਂਤ ਚੌਧਰੀ ਨੇ ਕਿਹਾ ਕਿ ਸਿਮਰੋਲ ਥਾਣੇ ਵਿਚ ਮਿਲੀ ਸ਼ਿਕਾਇਤ ਮੁਤਾਬਕ ਪਾਕਿਸਤਾਨ ਦੀ ਇੰਟਰ ਸਰਵਿਸੇਜ਼ ਇੰਟੈਲੀਜੈਂਸ ਨਾਮ ਵਾਲੀ ਇਕ ਆਈਡੀ ਤੋਂ ਇਹ ਈਮੇਲ ਸਕੂਲ ਦੇ ਅਧਿਕਾਰਤ ਈਮੇਲ ਪਤੇ 'ਤੇ ਭੇਜਿਆ ਗਿਆ ਹੈ। ਈਮੇਲ ਭੇਜਣ ਵਾਲੇ ਨੇ 15 ਅਗਸਤ ਨੂੰ ਸਕੂਲ ਕੰਪਲੈਕਸ ਨੂੰ ਉਡਾ ਦੇਣ ਦੀ ਧਮਕੀ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਹੈ। ਸਿਮਰੋਲ ਥਾਣੇ ਦੇ ਮੁਖੀ ਅਮਿਤ ਕੁਮਾਰ ਨੇ ਕਿਹਾ ਕਿ ਸਾਨੂੰ ਲਿਖਤੀ ਸ਼ਿਕਾਇਤ ਮਿਲੀ ਹੈ ਅਤੇ ਸਾਡੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।