ਹੈਦਰਾਬਾਦ ਜਾ ਰਹੀ ਇੰਡੀਗੋ ਦੀ ਫਲਾਈਟ ''ਚ ਬੰਬ ਦੀ ਧਮਕੀ
Sunday, Sep 01, 2024 - 03:02 PM (IST)
ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਬੰਬ ਦੀ ਧਮਕੀ ਮਿਲਣ ਮਗਰੋਂ ਦਹਿਸ਼ਤ ਫੈਲ ਗਈ। ਜਹਾਜ਼ ਨੂੰ ਤੁਰੰਤ ਮਹਾਰਾਸ਼ਟਰ ਦੇ ਨਾਗਪੁਰ ਮੋੜਿਆ ਗਿਆ। ਘਟਨਾ ਐਤਵਾਰ ਦੀ ਹੈ। ਏਅਰਲਾਈਨ ਮੁਤਾਬਕ ਬੰਬ ਦੀ ਧਮਕੀ ਕਾਰਨ ਜਬਲਪੁਰ ਤੋਂ ਹੈਦਰਾਬਾਦ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੰਬਰ-6E 7308 ਨੂੰ ਨਾਗਪੁਰ ਮੋੜ ਦਿੱਤਾ ਗਿਆ। ਲੈਂਡਿੰਗ ਮਗਰੋਂ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਅਤੇ ਜ਼ਰੂਰੀ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਮਗਰੋਂ ਕੁਝ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਏਅਰਲਾਈਨ ਨੇ ਅਸੁਵਿਧਾ ਲਈ ਯਾਤਰੀਆਂ ਤੋਂ ਮੁਆਫ਼ੀ ਮੰਗੀ ਹੈ।
ਓਧਰ ਨਾਗਪੁਰ ਪੁਲਸ ਨੇ ਜਾਂਚ ਮਗਰੋਂ ਕਿਹਾ ਕਿ ਉਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਕ ਪੁਲਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਬੰਬ ਦੀ ਧਮਕੀ ਦਾ ਸੰਦੇਸ਼ ਕਾਗਜ਼ ਦੇ ਟੁੱਕੜੇ 'ਤੇ ਲਿਖਿਆ ਸੀ, ਜੋ ਜਹਾਜ਼ ਦੇ ਬਾਥਰੂਮ ਵਿਚ ਮਿਲਿਆ। ਫਲਾਈਟ ਦੀ ਨਾਗਪੁਰ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਸੁਰੱਖਿਆ ਜਾਂਚ ਮਗਰੋਂ ਹਵਾਈ ਅੱਡੇ 'ਤੇ ਫਿਰ ਤੋਂ ਫਲਾਈਟ ਦਾ ਸਮਾਂ ਉਡਾਣ ਲਈ ਤੈਅ ਕੀਤਾ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿਚ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਗਰੋਂ ਕੇਰਲ ਦੇ ਤਿਰੂਵਨੰਤਪੁਰਮ ਏਅਰਪੋਰਟ 'ਤੇ ਉਤਾਰਿਆ ਗਿਆ ਸੀ। ਹਾਲਾਂਕਿ ਬਾਅਦ ਵਿਚ ਇਹ ਸੂਚਨਾ ਅਫ਼ਵਾਹ ਨਿਕਲੀ ਸੀ।