BOLLYWOOD ਅਦਾਕਾਰ ਨਸ਼ੇ ਦੇ ਮਾਮਲੇ ''ਚ ਗ੍ਰਿਫ਼ਤਾਰ! ਫ਼ਿਲਮ ਦੀ ਸ਼ੂਟਿੰਗ ਕਰਦੇ ਨੂੰ ਚੱਕ ਕੇ ਲੈ ਗਈ ਪੁਲਸ

Sunday, Aug 23, 2026 - 07:52 PM (IST)

BOLLYWOOD ਅਦਾਕਾਰ ਨਸ਼ੇ ਦੇ ਮਾਮਲੇ ''ਚ ਗ੍ਰਿਫ਼ਤਾਰ! ਫ਼ਿਲਮ ਦੀ ਸ਼ੂਟਿੰਗ ਕਰਦੇ ਨੂੰ ਚੱਕ ਕੇ ਲੈ ਗਈ ਪੁਲਸ

ਨੈਸ਼ਨਲ ਡੈਸਕ: ਮੁੰਬਈ ਵਿਚ ਬਾਲੀਵੁੱਡ ਅਤੇ ਡਰੱਗਜ਼ ਦਾ ਕੁਨੈਕਸ਼ਨ ਇਕ ਵਾਰ ਫਿਰ ਸਾਹਮਣੇ ਆਇਆ ਹੈ। ਅਦਾਕਾਰ ਅਤੇ ਮਾਡਲ ਰੋਹੁਲ੍ਹਾ ਮਹਿਦੀ ਡਾਰ ਉਰਫ਼ ਰੋਹੂ ਨੂੰ ਮੀਰਾ ਰੋਡ ਦੀ ਕਾਸ਼ੀਮੀਰਾ ਪੁਲਸ ਨੇ ਫ਼ਿਲਮ ਦੇ ਸੈੱਟ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਸ ਕਾਰਵਾਈ ਵਿਚ 28 ਗ੍ਰਾਮ ਐੱਮ.ਡੀ. (MD) ਡਰੱਗਜ਼ ਬਰਾਮਦ ਕੀਤੀ ਹੈ, ਜਿਸ ਦੀ ਅੰਦਾਜ਼ਨ ਕੀਮਤ ਲਗਭਗ 5 ਲੱਖ 60 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਹੁਣ ਤੱਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਕਾਸ਼ੀਮੀਰਾ ਪੁਲਸ ਸਟੇਸ਼ਨ ਦੇ ਕ੍ਰਾਈਮ ਬ੍ਰਾਂਚ ਅਧਿਕਾਰੀ ਸੰਜੇ ਲੋਖੰਡੇ ਅਨੁਸਾਰ, ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਨੈਪਚੈਟ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਐਪਸ ਰਾਹੀਂ ਡਰੱਗਜ਼ ਦੀ ਬੜੀ ਤੇਜ਼ੀ ਨਾਲ ਵਿਕਰੀ ਕੀਤੀ ਜਾ ਰਹੀ ਹੈ। ਪੁਲਸ ਨੇ ਇਸ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਇਕ ਫ਼ਰਜ਼ੀ ਗਾਹਕ ਬਣਾ ਕੇ ਜਾਲ ਵਿਛਾਇਆ। ਇਸ ਯੋਜਨਾ ਤਹਿਤ, ਦਹੀਸਰ ਚੈੱਕ ਨਾਕਾ ਇਲਾਕੇ ਦੇ ਠਾਕੁਰ ਮਾਲ ਨੇੜੇ ਕਾਸਿਫ਼ ਨਾਮਕ ਵਿਅਕਤੀ ਨੂੰ ਡਰੱਗਜ਼ ਦੀ ਡਿਲੀਵਰੀ ਦੇਣ ਲਈ ਬੁਲਾਇਆ ਗਿਆ ਅਤੇ ਪੁਲਸ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਕਾਸਿਫ਼ ਨੇ ਅਦਾਕਾਰ ਰੋਹੁਲ੍ਹਾ ਮਹਿਦੀ ਦਾ ਨਾਂ ਲਿਆ। ਇਸ ਤੋਂ ਤੁਰੰਤ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਮਲਾਡ ਸਥਿਤ ਇਕ ਸਟੂਡੀਓ ਦੇ ਬਾਹਰੋਂ ਰੋਹੁਲ੍ਹਾ ਮਹਿਦੀ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਉੱਥੇ ਸ਼ੂਟਿੰਗ ਕਰ ਰਿਹਾ ਸੀ।

ਪੁਲਸ ਵੱਲੋਂ ਦਰਜ ਐੱਫ.ਆਈ.ਆਰ. 'ਚ ਅਦਾਕਾਰ ਰੋਹੁਲ੍ਹਾ ਮਹਿਦੀ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਰੋਹੁਲ੍ਹਾ ਮਹਿਦੀ ਮੂਲ ਰੂਪ ਵਿਚ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਅੱਜਕੱਲ੍ਹ ਮੁੰਬਈ ਦੇ ਗੋਰੇਗਾਂਵ ਇਲਾਕੇ ਵਿਚ ਰਹਿ ਰਿਹਾ ਸੀ। ਉਸ ਨੇ ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਨਾਲ ਫ਼ਿਲਮ 'ਦੇਵਾ' ਵਿਚ ਕੰਮ ਕੀਤਾ ਹੈ ਅਤੇ ਉਹ ਕਈ ਵੈੱਬ ਸੀਰੀਜ਼ ਵਿਚ ਵੀ ਨਜ਼ਰ ਆ ਚੁੱਕਾ ਹੈ।

ਅਦਾਲਤ ਨੇ ਮੁਲਜ਼ਮ ਰੋਹੁਲ੍ਹਾ ਮਹਿਦੀ ਨੂੰ 5 ਦਿਨਾਂ ਦੇ ਪੁਲਸ ਰਿਮਾਂਡ ਵਿਚ ਭੇਜ ਦਿੱਤਾ ਹੈ। ਡੀ.ਸੀ.ਪੀ. ਜ਼ੋਨ-1 ਰਾਹੁਲ ਚਵਾਨ ਦੀ ਅਗਵਾਈ ਹੇਠ ਪੁਲਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਮਹਿਦੀ ਨੇ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਡਰੱਗਜ਼ ਦੀ ਸਪਲਾਈ ਕੀਤੀ ਹੈ ਅਤੇ ਕੀ ਇਸ ਡਰੱਗ ਸਿੰਡੀਕੇਟ ਦੇ ਤਾਰ ਫ਼ਿਲਮ ਉਦਯੋਗ ਦੀਆਂ ਹੋਰ ਹਸਤੀਆਂ ਨਾਲ ਵੀ ਜੁੜੇ ਹੋਏ ਹਨ।


author

Anmol Tagra

Content Editor

Related News