ਝੀਲ ਕੰਢਿਓਂ ਮਿਲੀ ਨਵਜਨਮੇ ਬੱਚੀ ਦੀ ਲਾਸ਼, ਇਲਾਕੇ ''ਚ ਫੈਲੀ ਸਨਸਨੀ
Monday, Sep 23, 2024 - 11:06 AM (IST)
ਠਾਣੇ- ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿਚ ਇਕ ਝੀਲ ਦੇ ਕਿਨਾਰੇ ਇਕ ਨਵਜਨਮੇ ਬੱਚੇ ਦੀ ਲਾਸ਼ ਮਿਲੀ ਹੈ। ਜਿਸ ਮਗਰੋਂ ਸਨਸਨੀ ਫੈਲ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਝ ਰਾਹਗੀਰਾਂ ਨੇ ਸ਼ਨੀਵਾਰ ਨੂੰ ਸਿੱਧੇਸ਼ਵਰ ਤਲਾਬ ਕੋਲ ਨਵਜਨਮੇ ਬੱਚੇ ਦੀ ਲਾਸ਼ ਵੇਖੀ ਅਤੇ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਨੌਪਾੜਾ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ। ਉਨ੍ਹਾਂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਬੱਚਾ 8 ਮਹੀਨੇ ਦੀ ਗਰਭ ਅਵਸਥਾ ਵਿਚ ਜਣੇਪੇ ਦੌਰਾਨ ਮ੍ਰਿਤਕ ਪੈਦਾ ਹੋਇਆ।
ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਅਣਪਛਾਤੇ ਲੋਕਾਂ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ-94 (ਨਵਜਨਮੇ ਬੱਚੇ ਦੀ ਲਾਸ਼ ਦਾ ਗੁਪਤ ਤਰੀਕੇ ਨਾਲ ਨਿਪਟਾਰਾ ਕਰਕੇ ਜਨਮ ਦੀ ਜਾਣਕਾਰੀ ਛੁਪਾਉਣਾ) ਤਹਿਤ ਕੇਸ ਦਰਜ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਸ ਨਵਜਨਮੇ ਬੱਚੇ ਦੇ ਮਾਤਾ-ਪਿਤਾ ਦਾ ਪਤਾ ਲਾਉਣ ਲਈ ਇਲਾਕੇ ਦੇ ਹਸਪਤਾਲਾਂ ਵਿਚ ਜਾਂਚ ਕਰ ਰਹੀ ਹੈ।