ਬੰਬ ਦੀ ਅਫਵਾਹ ਕਾਰਨ ਖਾਲੀ ਕਰਵਾਇਆ ਸ਼ਿਮਲਾ ਦਾ ਰਿਜ ਮੈਦਾਨ
Saturday, Jan 01, 2022 - 10:45 AM (IST)
ਸ਼ਿਮਲਾ– ਰਾਜਧਾਨੀ ਸ਼ਿਮਲਾ ’ਚ ਇਤਿਹਾਸਕ ਰਿਜ ਮੈਦਾਨ ’ਤੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸੈਲਾਨੀਆਂ ਦਾ ਜਸ਼ਨ ਬੰਬ ਦੀ ਅਫਵਾਹ ਨੇ ਬੇਰੰਗ ਕਰ ਦਿੱਤਾ। ਪੁਲਸ ਨੇ ਸਾਵਧਾਨੀ ਵਜੋਂ ਰਿਜ ਮੈਦਾਨ ਖਾਲੀ ਕਰਵਾ ਦਿੱਤਾ।
ਪੁਲਸ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ ਸੀ, ਜਿਸ ’ਚ ਕਿਸੇ ਪਾਕਿਸਤਾਨੀ ਨਾਗਰਿਕ ਨੇ ਸ਼ਿਮਲਾ ਦੇ ਰਿਜ ਮੈਦਾਨ ’ਤੇ ਨਵੇਂ ਸਾਲ ਮੌਕੇ ਬੰਬ ਧਮਾਕੇ ਦੀ ਧਮਕੀ ਦਿੱਤੀ ਸੀ। ਇਸ ਧਮਕੀ ’ਤੇ ਪੁਲਸ ਨੇ ਚੌਕਸੀ ਵਰਤਦਿਆਂ ਇਹ ਕਾਰਵਾਈ ਕੀਤੀ। ਇਹ ਧਮਕੀ ਭਰਿਆ ਪੱਤਰ ਸ਼ਿਮਲਾ ਪੁਲਸ ਹੈੱਡਕੁਆਰਟਰ ਵੱਲੋਂ ਸਾਰੇ ਥਾਣਿਆਂ ਨੂੰ ਭੇਜਿਆ ਗਿਆ ਹੈ।
ਪੱਤਰ ’ਚ ਲਿਖਿਆ ਗਿਆ ਹੈ ਕਿ ਜੋ ਬਾਹਰ ਤੋਂ ਮਜ਼ਦੂ਼ਰ (ਖਾਸ ਕਰ ਕੇ ਕਸ਼ਮੀਰੀ) ਆਏ ਹਨ, ਉਨ੍ਹਾਂ ’ਤੇ ਵੀ ਨਿਗਰਾਨੀ ਰੱਖੀ ਜਾਵੇ। ਪੁਲਸ ਤੇ ਕੁਇਕ ਰਿਸਪਾਂਸ ਟੀਮ (ਕਿਊ. ਆਰ. ਟੀ.) ਨੇ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਛੇਤੀ ਆਪਣੇ ਹੋਟਲ ਤੇ ਘਰ ਜਾਣ ਦੇ ਨਿਰਦੇਸ਼ ਦਿੱਤੇ। ਉੱਥੇ ਬੰਬ ਸਕੁਆਇਡ ਤੇ ਡਾਗ ਸਕੁਆਇਡ ਨੂੰ ਤਾਇਨਾਤ ਕਰ ਦਿੱਤਾ ਗਿਆ। ਰਾਤ 10 ਵਜੇ ਪ੍ਰਬੰਧਕੀ ਅਮਲਾ ਮੌਕੇ ’ਤੇ ਮੌਜੂਦ ਰਿਹਾ। ਇਹੀ ਨਹੀਂ ਹੋਟਲ ਵਾਲਿਆਂ ਨੂੰ ਵੀ ਪੁਲਸ ਦੇ ਫੋਨ ਆਏ ਕਿ ਕੋਈ ਸ਼ੱਕੀ ਵਿਖਾਈ ਦਿੰਦਾ ਹੈ ਤਾਂ ਪੁਲਸ ਨੂੰ ਸੂਚਨਾ ਦਿਓ ਪਰ ਇਸ ਸਭ ਵਿਚਾਲੇ ਐੱਸ. ਪੀ. ਮੋਨਿਕਾ ਨੇ ਕਿਹਾ ਕਿ ਕੋਵਿਡ ਨਿਯਮਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ।