ਪੁੰਛ ਜ਼ਿਲੇ ’ਚ ਡੀ. ਡੀ. ਸੀ. ਮੈਂਬਰ ਸੋਹੇਲ ਮਲਿਕ ਦੇ ਘਰ ਦੇ ਬਾਹਰ ਧਮਾਕਾ
Saturday, Sep 17, 2022 - 03:44 PM (IST)
ਪੁੰਛ, (ਧਨੁਜ)– ਸਰਹੱਦੀ ਜ਼ਿਲੇ ਦੀ ਸੂਰਨਕੋਟ ਤਹਿਸੀਲ ਦੇ ਪਿੰਡ ਫਜਲਾਬਾਦ ਵਿਚ ਵੀਰਵਾਰ ਦੇਰ ਰਾਤ ਡੀ. ਡੀ. ਸੀ. ਮੈਂਬਰ ਸੂਰਨਕੋਟ (ਏ) ਸੋਹੇਲ ਮਲਿਕ ਦੇ ਘਰ ਦੇ ਬਾਹਰ ਸ਼ੱਕੀ ਧਮਾਕਾ ਹੋਇਆ, ਜਿਸ ਵਿਚ ਸੜਕ ’ਤੇ ਖੜ੍ਹੀ ਸੋਹੇਲ ਮਲਿਕ ਦੀ ਬੋਲੈਰੋ ਕਾਰ ਨੁਕਸਾਨੀ ਗਈ। ਇਸ ਧਮਾਕੇ ਨਾਲ ਘਰ ਦੀਆਂ ਕੰਧਾਂ ’ਤੇ ਵੀ ਛੱਰੇ ਲੱਗੇ। ਹਾਲਾਂਕਿ ਇਸ ਹਮਲੇ ਵਿਚ ਪਰਿਵਾਰ ਦੇ ਮੈਂਬਰ ਵਾਲ-ਵਾਲ ਬੱਚ ਗਏ।
ਧਮਾਕੇ ਤੋਂ ਬਾਅਦ ਵੱਡੀ ਗਿਣਤੀ ਵਿਚ ਸਥਾਨਕ ਲੋਕ, ਪੁਲਸ ਅਤੇ ਫੌਜ ਦੇ ਜਵਾਨ ਮੌਕੇ ’ਤੇ ਪੁੱਜੇ। ਪੁਲਸ ਪੂਰੇ ਖੇਤਰ ਦੀ ਜਾਂਚ ਤੋਂ ਬਾਅਦ ਨੁਕਸਾਨੇ ਵਾਹਨ ਨੂੰ ਸੂਰਨਕੋਟ ਥਾਣੇ ਲੈ ਗਈ।
ਜਾਣਕਾਰੀ ਮੁਤਾਬਕ ਸ਼ੱਕੀ ਧਮਾਕੇ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ। ਧਮਾਕੇ ਦੀ ਖਬਰ ਮਿਲਦੇ ਹੀ ਵੱਡੀ ਗਿਣਤੀ ਵਿਚ ਲੋਕ ਡੀ. ਡੀ. ਸੀ. ਮੈਂਬਰ ਦੇ ਘਰ ਪੁੱਜੇ। ਸੀਨੀਅਰ ਪੁਲਸ ਸੁਪਰਡੈਂਟ ਪੁੰਛ ਰੋਹਿਤ ਬਸਕੋਤਰਾ ਨੇ ਸ਼ੁੱਕਰਵਾਰ ਨੂੰ ਸੀਨੀਅਰ ਪੁਲਸ ਅਧਿਕਾਰੀਆਂ ਦੇ ਨਾਲ ਮੌਕੇ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ।
ਡੀ. ਡੀ. ਸੀ. ਮੈਂਬਰ ਸੋਹੇਲ ਮਲਿਕ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਪਰਿਵਾਰ ਦੇ ਸਾਰੇ ਮੈਂਬਰ ਘਰ ਦੇ ਅੰਦਰ ਸਨ ਤਾਂ ਬਾਹਰ ਕੁਝ ਡਿੱਗਣ ਦੀ ਆਵਾਜ਼ ਆਈ ਅਤੇ ਉਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਭ ਲੋਕ ਡਰ ਗਏ।