ਵਿਆਹ ਸਮਾਰੋਹ 'ਚ ਸਿਲੰਡਰ ਫਟਣ ਨਾਲ 9 ਲੋਕਾਂ ਦੀ ਮੌਤ

02/17/2018 5:01:36 PM

ਰਾਜਸਥਾਨ— ਇੱਥੋਂ ਦੇ ਬਿਆਵਰ 'ਚ ਗੈਸ ਸਿਲੰਡਰ ਫਟਣ ਨਾਲ ਹੋਏ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ 'ਚ ਹੋ ਰਿਹਾ ਹੈ। ਜ਼ਿਲਾ ਕਲੈਕਟਰ ਗੌਰਵ ਗੋਇਲ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕੁਝ ਲੋਕਾਂ ਦੇ ਗਾਇਬ ਹੋਣ ਦੀ ਸੂਚਨਾ ਹੈ। ਜ਼ਿਲਾ ਪ੍ਰਸ਼ਾਸਨ ਨੂੰ ਹੁਣ ਤੱਕ 12 ਲੋਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਹਾਦਸੇ ਤੋਂ ਬਾਅਦ ਭਵਨ ਦੇ ਢਹਿਣ ਤੋਂ ਬਾਅਦ ਮਲਬੇ 'ਚ ਕੁਝ ਲੋਕਾਂ ਦੇ ਦਬੇ ਹੋਣ ਦੇ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਹੈ। ਮੀਡੀਆ ਰਿਪੋਰਟ ਅਨੁਸਾਰ ਘਰ 'ਚ ਵਿਆਹ ਪ੍ਰੋਗਰਾਮ ਚੱਲ ਰਿਹਾ ਸੀ। ਇਸ ਦੌਰਾਨ ਇਕ ਸਿਲੰਡਰ ਨਾਲ ਦੂਜੇ ਸਿਲੰਡਰ 'ਚ ਗੈਸ ਭਰਦੇ ਸਮੇਂ ਅੱਗ ਲੱਗ ਗਈ। ਕੁਝ ਸੈਕਿੰਡਾਂ 'ਚ ਹੀ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਇਕ ਤੋਂ ਬਾਅਦ ਇਕ 3 ਸਿਲੰਡਰਾਂ 'ਚ ਧਮਾਕਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਤੇਜ਼ ਸੀ ਕਿ ਨੇੜੇ-ਤੇੜੇ ਦੇ ਇਮਾਰਤਾਂ ਨੂੰ ਵੀ ਥੋੜ੍ਹਾ ਬਹੁਤ ਨੁਕਸਾਨ ਪੁੱਜਿਆ ਹੈ। ਚਸ਼ਮਦੀਦਾਂ ਅਨੁਸਾਰ ਤੇਜ਼ ਧਮਾਕੇ ਨਾਲ ਜਦੋਂ ਗੈਸ ਸਿਲੰਡਰ ਫਟਿਆ ਤਾਂ ਉਸ 'ਚੋਂ ਨਿਕਲੀਆਂ ਅੱਗ ਦੀਆਂ ਲਪਟਾਂ 50 ਫੁੱਟ ਦੀ ਦੂਰੀ ਤੱਕ ਨਿਕਲੀ। ਜਿਸ ਨਾਲ ਸਾਹਮਣੇ ਆਪਣੇ ਮਕਾਨ ਦੇ ਵੇਹੜੇ 'ਚ ਬੈਠੀਆਂ 2 ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ। ਜਦੋਂ ਗੈਸ ਦਾ ਰਿਸਾਅ ਹੋਇਆ ਤਾਂ ਗੁਆਂਢ 'ਚ ਰਹਿਣ ਵਾਲੀ ਮਹਿਲਾ ਇੰਦਰਾ ਕੁਮਾਵਤ ਭਵਨ 'ਚ ਪੁੱਜੀ। ਉਸ ਨੇ ਉੱਥੇ ਬੈਠੇ ਲੋਕਾਂ ਨੂੰ ਕਿਹਾ ਕਿ ਗੈਸ ਦੀ ਬੱਦਬੂ ਆ ਰਹੀ ਹੈ, ਕਿਤੇ ਕੋਈ ਸਿਲੰਡਰ ਲੀਕੇਜ ਤਾਂ ਨਹੀਂ ਹੋ ਰਿਹਾ। ਜੇਕਰ ਉਸ ਦੀ ਇਸ ਚਿਤਾਵਨੀ ਨੂੰ ਉੱਥੇ ਬੈਠੇ ਲੋਕਾਂ ਨੇ ਗੰਭੀਰਤਾ ਨਾਲ ਨਹੀਂ ਲਿਆ।
ਹਾਦਸੇ ਦੇ ਤੁਰੰਤ ਬਾਅਦ ਡਿਸਕਾਮ ਨੇ ਸਾਵਧਾਨੀ ਵਰਤਦੇ ਹੋਏ ਬਿਜਲੀ ਸਪਲਾਈ ਰੋਕ ਦਿੱਤੀ। ਅਜਿਹੇ 'ਚ ਕਰੀਬ ਇਕ ਘੰਟੇ ਤੋਂ ਵਧ ਸਮੇਂ ਤੱਕ ਅੱਧਾ ਸ਼ਹਿਰ ਹਨ੍ਹੇਰੇ 'ਚ ਡੁੱਬਿਆ ਰਿਹਾ।


Related News