ਦਿੱਲੀ ''ਚ ''ਬਲੈਕ ਫੰਗਸ'' ਦਾ ਕਹਿਰ, ਮੈਕਸ ਹਸਪਤਾਲ-ਏਮਜ਼ ''ਚ 45 ਮਾਮਲੇ, ਇੱਕ ਦੀ ਮੌਤ
Wednesday, May 19, 2021 - 08:39 PM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੀ ਦਿੱਲੀ ਵਿੱਚ ਬਲੈਕ ਫੰਗਸ ਦੇ ਕਈ ਮਾਮਲੇ ਦਰਜ ਕੀਤੇ ਗਏ ਹਨ। ਇਸ ਬੀਮਾਰੀ ਦੀ ਵਜ੍ਹਾ ਨਾਲ ਇੱਕ ਵਿਅਕਤੀ ਦੀ ਜਾਨ ਵੀ ਚੱਲੀ ਗਈ ਹੈ। ਦਿੱਲੀ ਦੇ ਮਸ਼ਹੂਰ ਮੂਲਚੰਦ ਹਸਪਤਾਲ ਵਿੱਚ 16 ਮਈ ਨੂੰ ਇਹ ਮਾਮਲਾ ਆਇਆ। ਮੂਲਚੰਦ ਹਸਪਤਾਲ ਦੇ ਡਾ. ਭਗਵਾਨ ਮੰਤਰੀ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ।
ਡਾ. ਭਗਵਾਨ ਮੁਤਾਬਕ, ਮੇਰਠ ਦਾ ਰਹਿਣ ਵਾਲਾ 37 ਸਾਲਾ ਸ਼ਖਸ ਜੋ ਕੋਰੋਨਾ ਪਾਜ਼ੇਟਿਵ ਸੀ, ਉਸ ਵਿੱਚ ਬਲੈਕ ਫੰਗਸ ਦੇ ਲੱਛਣ ਪਾਏ ਗਏ ਸਨ। ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਸ਼ੁਰੂਆਤ ਵਿੱਚ ਉਸ ਦਾ ਇਲਾਜ ਘਰ ਵਿੱਚ ਚੱਲ ਰਿਹਾ ਸੀ, ਉਸ ਨੂੰ ਹਾਈ ਬਲੱਡ ਸ਼ੁਗਰ ਸੀ ਪਰ ਹਸਪਤਾਲ ਵਿੱਚ ਲੰਬੇ ਇਲਾਜ ਦੌਰਾਨ ਮਰੀਜ਼ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ - 'ਤੌਕਤੇ' ਦੀ ਤਬਾਹੀ ਤੋਂ ਬਾਅਦ ਚੱਕਰਵਾਤ 'yaas' ਦਾ ਅਲਰਟ
ਕਿਸ ਹਸਪਤਾਲ ਵਿੱਚ ਕਿੰਨੇ ਮਾਮਲੇ?
ਮੂਲਚੰਦ ਹਸਪਤਾਲ ਤੋਂ ਇਲਾਵਾ ਦਿੱਲੀ ਦੇ ਕਈ ਹਸਪਤਾਲਾਂ ਵਿੱਚ ਹੁਣ ਤੱਕ ਬਲੈਕ ਫੰਗਸ ਦੇ ਕਈ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਸਰ ਗੰਗਾ ਰਾਮ ਹਸਪਤਾਲ ਵਿੱਚ ਸਭ ਤੋਂ ਜ਼ਿਆਦਾ 40 ਮਾਮਲੇ, ਮੈਕਸ ਹਸਪਤਾਲ ਵਿੱਚ 25 ਮਾਮਲੇ, ਏਮਜ਼ ਵਿੱਚ 15-20 ਮਾਮਲੇ ਅਤੇ ਮੂਲਚੰਦ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ।
ਕਿਵੇਂ ਵਿਗੜੀ ਮਰੀਜ਼ ਦੀ ਹਾਲਤ ਡਾਕਟਰ ਨੇ ਦੱਸਿਆ
ਮੂਲਚੰਦ ਹਸਪਤਾਲ ਵਿੱਚ ਜਾਨ ਗੁਆਉਣ ਵਾਲੇ ਮਰੀਜ਼ ਬਾਰੇ ਡਾਕਟਰ ਨੇ ਦੱਸਿਆ ਕਿ ਜਦੋਂ 16 ਮਈ ਨੂੰ ਮਰੀਜ਼ ਨੂੰ ਮੂਲਚੰਦ ਹਸਪਤਾਲ ਵਿੱਚ ਲਿਆਇਆ ਗਿਆ, ਤਾਂ ਉਸ ਦੀਆਂ ਅੱਖਾਂ ਵਿੱਚ ਸੋਜ ਸੀ ਅਤੇ ਚਿਹਰਾ ਵੀ ਸੁੱਜਿਆ ਹੋਇਆ ਸੀ। ਮਰੀਜ਼ ਦੀਆਂ ਅੱਖਾਂ ਲਾਲ ਸਨ, ਨਾਲ ਹੀ ਉਸ ਦੇ ਨੱਕ ਵਿੱਚੋਂ ਵੀ ਖੂਨ ਵਗਣ ਦੀ ਸ਼ਿਕਾਇਤ ਸੀ। ਜਦੋਂ ਸਾਰੇ ਟੈਸਟ ਕੀਤੇ ਗਏ, ਤਾਂ ਬਲੈਕ ਫੰਗਸ ਦੀ ਗੱਲ ਸਾਹਮਣੇ ਆਈ ਅਤੇ ਉਸ ਤੋਂ ਬਾਅਦ ਸਰਜਰੀ ਨੂੰ ਪਲਾਨ ਕੀਤਾ ਗਿਆ। ਮੂਲਚੰਦ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਮਰੀਜ਼ ਨੂੰ ਕਾਰਡੀਏਕ ਅਰੈਸਟ ਹੋਇਆ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਕੋਰੋਨਾ ਸੰਕਟ ਦੇ ਵਿੱਚ ਬਲੈਕ ਫੰਗਸ ਦੀ ਸਮੱਸਿਆ ਨੂੰ ਲੈ ਕੇ ਡਾ. ਭਗਵਾਨ ਨੇ ਦੱਸਿਆ ਕਿ ਬਲੈਕ ਫੰਗਸ ਕਾਰਨ ਮੌਤ ਦਰ ਜ਼ਿਆਦਾ ਹੈ, ਨਾਲ ਹੀ ਇਸ ਨਾਲ ਮਰੀਜ਼ਾਂ ਦੀਆਂ ਅੱਖਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ। ਡਾਕਟਰ ਨੇ ਦੱਸਿਆ ਕਿ ਜ਼ਿਆਦਾ ਮਾਤਰਾ ਵਿੱਚ ਦਵਾਈ ਦੇਣਾ, ਮਰੀਜ਼ ਨੂੰ ਡਾਇਬਟੀਜ਼ ਹੋਣਾ ਜਾਂ ਹੋਰ ਲੱਛਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।