ਭਾਰਤੀ ਕਿਸਾਨ ਯੂਨੀਅਨ ’ਚੋਂ ਰਾਕੇਸ਼ ਟਿਕੈਤ ਬਰਖ਼ਾਸਤ, ਨਰੇਸ਼ ਟਿਕੈਤ ਨੂੰ ਵੀ ਕੌਮੀ ਪ੍ਰਧਾਨ ਅਹੁਦੇ ਤੋਂ ਹਟਾਇਆ

Sunday, May 15, 2022 - 05:19 PM (IST)

ਲਖਨਊ– ਐਤਵਾਰ ਯਾਨੀ ਕਿ ਅੱਜ ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਨੂੰ ਬੀ. ਕੇ. ਯੂ. ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਯਾਨੀ ਕਿ ਬਾਹਰ ਕਰ ਦਿੱਤਾ ਗਿਆ ਹੈ। ਟਿਕੈਤ ਤੋਂ ਇਲਾਵਾ ਉਨ੍ਹਾਂ ਦੇ ਭਰਾ ਨਰੇਸ਼ ਟਿਕੈਤ ਨੂੰ ਵੀ ਕੌਮੀ ਪ੍ਰਧਾਨ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਰਾਜੇਸ਼ ਚੌਹਾਨ ਨੂੰ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸਾਨ ਆਗੂਆਂ ਨੇ ਟਿਕੈਤ ’ਤੇ ‘ਰਾਜਨੀਤੀ ਖੇਡਣ’ ਦਾ ਦੋਸ਼ ਲਾਇਆ। ਦਰਅਸਲ ਬੀ. ਕੇ. ਯੂ. ਦੇ ਕਈ ਮੈਂਬਰ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀਆਂ ਸਿਆਸੀ ਗਤੀਵਿਧੀਆਂ ਤੋਂ ਨਾਰਾਜ਼ ਹਨ।

ਇਹ ਵੀ ਪੜ੍ਹੋ: MSP ’ਤੇ ਕਮੇਟੀ ਗਠਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਦਾ ਦਾਅਵਾ, ਕਿਹਾ- ਕਿਸਾਨਾਂ ਨੇ ਅਜੇ ਤੱਕ ਨਹੀਂ ਦਿੱਤੇ ਨਾਂ

ਦਰਅਸਲ ਭਾਰਤੀ ਕਿਸਾਨ ਯੂਨੀਅਨ ਦੇ ਸੰਸਥਾਪਕ ਮਰਹੂਮ ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ ਐਤਵਾਰ 15 ਮਈ ਨੂੰ ਲਖਨਊ ਸਥਿਤ ਬੀ. ਕੇ. ਯੂ. ਆਗੂਆਂ ਦੀ ਗੰਨਾ ਕਿਸਾਨ ਸੰਸਥਾ ’ਚ ਬੈਠਕ ਹੋਈ। ਬੀ. ਕੇ. ਯੂ. ਆਗੂਆਂ ਦੀ ਨਾਰਾਜ਼ਗੀ ਦੀ ਖ਼ਬਰ ਮਿਲਦਿਆਂ ਹੀ ਰਾਕੇਸ਼ ਟਿਕੈਤ ਵੀ ਉਨ੍ਹਾਂ ਨੂੰ ਮਨਾਉਣ ਲਈ ਲਖਨਊ ਪੁੱਜੇ ਸਨ, ਹਾਲਾਂਕਿ ਉਹ ਇਸ ਕੋਸ਼ਿਸ਼ ਵਿਚ ਸਫ਼ਲ ਨਹੀਂ ਹੋ ਸਕੇ। ਓਧਰ ਰਾਜੇਸ਼ ਚੌਹਾਨ ਨੇ ਦੱਸਿਆ ਕਿ ਨਰੇਸ਼ ਟਿਕੈਤ, ਰਾਕੇਸ਼ ਟਿਕੈਤ ਕੁਝ ਚਾਪਲੂਸਾਂ ਵਿਚਾਲੇ ਫਸ ਗਏ, ਜਿਸ ਦੀ ਵਜ੍ਹਾ ਕਰ ਕੇ ਉਹ ਕਿਸਾਨਾਂ ਦੇ ਮੁੱਦੇ ਤੋਂ ਭਟਕ ਗਏ। ਉਨ੍ਹਾਂ ਨੇ ਕਿਹਾ ਕਿ ਸੰਗਠਨ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ। ਕਿਸਾਨ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਹਮੇਸ਼ਾ ਦ੍ਰਿੜ ਸੰਕਲਪ ਹੈ। 

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਧਮਕੀ, ...ਤਾਂ ਵੱਡਾ ਕਿਸਾਨ ਅੰਦੋਲਨ ਖੜ੍ਹੇ ਹੁੰਦੇ ਦੇਰ ਨਹੀਂ ਲੱਗੇਗੀ

ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਬਣੇ ਰਾਕੇਸ਼ ਟਿਕੈਤ
ਜ਼ਿਕਰਯੋਗ ਹੈ ਕਿ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਇੰਨਾ ਹੀ ਨਹੀਂ ਰਾਕੇਸ਼ ਦੀ ਅਪੀਲ ’ਤੇ ਯੂ. ਪੀ.-ਦਿੱਲੀ ਬਾਰਡਰ ’ਤੇ ਇਕ ਸਾਲ ਤੋਂ ਵਧੇਰੇ ਸਮਾਂ ਅੰਦੋਲਨ ਚੱਲਿਆ। ਖੇਤੀ ਕਾਨੂੰਨ ਦੇ ਵਾਪਸ ਹੋਣ ਮਗਰੋਂ ਹੀ ਇਹ  ਕਿਸਾਨ ਅੰਦੋਲਨ ਖਤਮ ਹੋਇਆ ਸੀ। ਰਾਕੇਸ਼ ਟਿਕੈਤ ਦੇਸ਼ ’ਚ ਉਸ ਸਮੇਂ ਛਾ ਗਏ ਸਨ, ਜਦੋਂ ਉਹ ਗਾਜ਼ੀਪੁਰ ਬਾਰਡਰ ’ਤੇ ਰੋ ਪਏ ਸਨ। ਉਨ੍ਹਾਂ ਦੇ ਰੋਣ ਦਾ ਇਹ ਅਸਰ ਹੋਇਆ ਕਿ ਅੰਦੋਲਨ ਹੋਰ ਵੱਡੇ ਪੱਧਰ ਤੱਕ ਪਹੁੰਚ ਗਿਆ। ਇੰਨਾ ਹੀ ਨਹੀਂ ਅੰਦੋਲਨ ’ਚ ਕਿਸਾਨਾਂ ਦੇ ਨਾਲ-ਨਾਲ ਕਿਸਾਨ ਬੀਬੀਆਂ ਨੇ ਵੀ ਅਹਿਮ ਭੂਮਿਕਾ ਨਿਭਾਈ। 


Tanu

Content Editor

Related News