2019 ਦੇ ਨਤੀਜਿਆਂ ਨੂੰ ਹਰਿਆਣਾ 'ਚ ਦੁਹਰਾਵੇਗੀ ਭਾਜਪਾ, ਪੰਜਾਬ 'ਚ ਵੀ ਖਿੜੇਗਾ ਕਮਲ: ਸੁਨੀਤਾ ਦੁੱਗਲ
Friday, May 05, 2023 - 04:08 PM (IST)
ਜਲੰਧਰ- ਪੰਜਾਬ ਦੀ ਜਲੰਧਰ ਲੋਕ ਸਭਾ ਸੀਟ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ 'ਚ ਪ੍ਰਚਾਰ ਕਰਨ ਪਹੁੰਚੀ ਹਰਿਆਣਾ ਦੇ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਭਾਵੇਂ ਪਾਰਟੀ ਸੰਗਰੂਰ ਦੀ ਚੋਣ ਕੁਝ ਵੋਟਾਂ ਨਾਲ ਹਾਰ ਗਈ ਪਰ ਜਲੰਧਰ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਦਾ ਮਨ ਬਣਾ ਲਿਆ ਹੈ।
'ਪੰਜਾਬ ਕੇਸਰੀ' ਅਦਾਰੇ ਦੇ ਪੱਤਰਕਾਰ ਸੌਰਵ ਗੁਪਤਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੰਸਦ ਮੈਂਬਰ ਦੁੱਗਲ ਨੇ ਹਰਿਆਣਾ ਦੇ ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ। ਉਨ੍ਹਾਂ ਦਿੱਲੀ ਦੇ ਜੰਤਰ-ਮੰਤਰ 'ਤੇ ਚੱਲ ਰਹੇ ਪਹਿਲਵਾਨਾਂ ਦੇ ਧਰਨੇ 'ਤੇ ਵੀ ਪ੍ਰਤੀਕਿਰਿਆ ਦਿੱਤੀ। ਪੇਸ਼ ਹਨ ਸੁਨੀਤਾ ਦੁੱਗਲ ਨਾਲ ਇੰਟਰਵਿਊ ਦੇ ਮੁੱਖ ਅੰਸ਼:-
ਸਵਾਲ- ਜਲੰਧਰ ਲੋਕ ਸਭਾ ਉਪ ਚੋਣਾਂ ਵਿਚ ਭਾਜਪਾ ਨੂੰ ਕਿੱਥੇ ਦੇਖਦੇ ਹੋ?
ਜਵਾਬ- ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਪਾਰਟੀ ਹੈ। ਪੰਜਾਬ ਵਿਚ ਵੀ ਸਾਡੇ ਕੋਲ ਲੱਖਾਂ ਮਿਹਨਤੀ ਵਰਕਰਾਂ ਦੀ ਫੌਜ ਹੈ ਜੋ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਮੈਂ ਕਈ ਦਿਨਾਂ ਤੋਂ ਜਲੰਧਰ ਦੀ ਗਲੀ-ਗਲੀ ਘੁੰਮ ਰਹੀ ਹਾਂ। ਸਾਡੇ ਉਮੀਦਵਾਰ ਬਾਕੀ ਸਾਰੇ ਹੋਰ ਉਮੀਦਵਾਰਾਂ ਨਾਲੋਂ ਬਹੁਤ ਅੱਗੇ ਚੱਲ ਰਹੇ ਹਨ। ਲੋਕਾਂ ਦਾ ਰੁਝਾਨ ਭਾਜਪਾ ਵੱਲ ਹੈ ਅਤੇ 10 ਮਈ ਨੂੰ ਜਲੰਧਰ ਦੀ ਜਨਤਾ ਈ.ਵੀ.ਐੱਮ. ਪਰ ਕਮਲ ਦੇ ਫੁੱਲ ਦਾ ਬਟਨ ਦਬਾਅ ਕੇ ਅਟਵਾਲ ਨੂੰ ਜਿਤਾਉਣ ਦਾ ਕੰਮ ਕਰੇਗੀ।
ਸਵਾਲ- ਸੰਗਰੂਰ 'ਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ?
ਜਵਾਬ- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮਹਿਜ਼ 3 ਮਹੀਨਿਆਂ ਬਾਅਦ ਸੰਗਰੂਰ ਵਿਚ ਲੋਕ ਸਭਾ ਦੀਆਂ ਉਪ ਚੋਣਾਂ ਹੋ ਗਈਆਂ। ਉਸ ਸਮੇਂ ਭਾਜਪਾ ਨੂੰ ਸਮਝਣ ਵਿਚ ਕੁਝ ਸਮਾਂ ਲੱਗਿਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਭਾਜਪਾ ਬਹੁਤ ਮਜ਼ਬੂਤ ਹੋ ਚੁੱਕੀ ਹੈ। ਜਲੰਧਰ ਜ਼ਿਮਨੀ ਚੋਣਾਂ 'ਚ ਭਾਜਪਾ ਦਾ ਓਹੀ ਉਮੀਦਵਾਰ ਹੈ ਜੋ ਪਿਛਲੀਆਂ ਚੋਣਾਂ ਦੀ 'ਚ ਸੀ, ਜੋ ਭਾਜਪਾ ਦੀ ਜਿੱਤ 'ਚ ਅਹਿਮ ਕਦਮ ਸਾਬਤ ਹੋਵੇਗਾ।
ਸਵਾਲ- ਕੀ ਹਰਿਆਣਾ 'ਚ 2024 ਦੀਆਂ ਚੋਣਾਂ ਵਿਚ ਵੀ ਜਾਰੀ ਰਹੇਗਾ ਭਾਜਪਾ-ਜਜਪਾ ਦਾ ਗਠਜੋੜ?
ਜਵਾਬ- ਗਠਜੋੜ ਜਾਰੀ ਰਹੇਗਾ ਜਾਂ ਨਹੀਂ ਇਸਦਾ ਫੈਸਲਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਤੈਅ ਕਰੇਗੀ। । 2019 ਦੀਆਂ ਵਿਧਾਨ ਸਭਾ ਚੋਣਾਂ 'ਚ ਹਰਿਆਣਾ ਦੀ ਜਨਤਾ ਨੇ ਸਾਨੂੰ ਬਹੁਮਤ ਨਹੀਂ ਦਿੱਤਾ ਜਿਸ ਕਾਰਨ ਸਾਨੂੰ ਜਜਪਾ ਦਾ ਸਾਥ ਲੈਣਾ ਪਿਆ। ਗਠਜੋੜ ਦੀ ਸਰਕਾਰ ਮਜ਼ਬੂਤੀ ਨਾਲ ਚੱਲ ਰਹੀ ਹੈ। ਗਠਜੋੜ ਸਰਕਾਰ ਦਾ ਹੈ ਪਾਰਟੀ ਦਾ ਨਹੀਂ। ਅਸੀਂ ਆਮ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਲੜਾਂਗੇ ਜਾਂ ਵੱਖ-ਵੱਖ, ਇਹ ਭਵਿੱਖ ਦੇ ਗਰਭ ਵਿਚ ਹੈ।
ਸਵਾਲ- ਕੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ 10 'ਚੋਂ 10 ਸੀਟਾਂ ਜਿੱਤ ਸਕੇਗੀ?
ਜਵਾਬ- ਭਾਰਤੀ ਜਨਤਾ ਪਾਰਟੀ 2019 ਦੀਆਂ ਆਮ ਚੋਣਾਂ ਦੇ ਨਤੀਜੇ ਨੂੰ ਯਕੀਨੀ ਤੌਰ 'ਤੇ ਦੁਹਰਾਏਗੀ। ਅਸੀਂ 10 'ਚੋਂ 10 ਸੀਟਾਂ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ 'ਚ ਪਾਵਾਂਗੇ। ਹਰਿਆਣਾ ਦੀਆਂ ਸਾਰੀਆਂ ਸੀਟਾਂ ਜਿੱਤਣ ਦੇ ਨਾਲ-ਨਾਲ ਭਾਜਪਾ ਤੀਜੀ ਵਾਰ ਕੇਂਦਰ 'ਚ ਸਰਕਾਰ ਬਣਾ ਕੇ ਰਿਕਾਰਡ ਕਾਇਮ ਕਰੇਗੀ।
ਸਵਾਲ- ਸਿਰਸਾ ਦੇ ਸੰਸਦ ਮੈਂਬਰ ਵਜੋਂ, 4 ਸਾਲਾਂ ਦੇ ਕਾਰਜਕਾਲ ਦੌਰਾਨ ਤੁਹਾਡੀਆਂ ਕਿਹੜੀਆਂ ਪ੍ਰਾਪਤੀਆਂ ਰਹੀਆਂ?
ਜਵਾਬ- ਅਸੀਂ ਕੇਂਦਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਜ਼ਮੀਨ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਗੋਰਖਧਾਮ ਟਰੇਨ ਨੂੰ ਸਿਰਸਾ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਰੇਲਵੇ ਮੰਤਰੀ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਜਲਦੀ ਹੀ ਗੋਰਖਧਾਮ ਟਰੇਨ ਸਿਰਸਾ ਤੱਕ ਚੱਲਣੀ ਸ਼ੁਰੂ ਹੋ ਜਾਵੇਗੀ। ਸਿਰਸਾ ਦੇ ਮੁੱਖ ਮਾਰਗ 'ਤੇ ਹਾਦਸਿਆਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ 4 ਵੱਡੇ ਪੁਲ ਬਣਾਏ ਗਏ ਹਨ। ਮੇਰੀ ਕੋਸ਼ਿਸ਼ ਹੈ ਕਿ ਸਿਰਸਾ ਵਿਚ ਰੇਲਵੇ ਦਾ ਕੰਮ ਸੁਚਾਰੂ ਢੰਗ ਨਾਲ ਚੱਲੇ ਅਤੇ ਅੰਮ੍ਰਿਤ ਮਹੋਤਸਵ ਤਹਿਤ ਤਿੰਨ ਰੇਲਵੇ ਸਟੇਸ਼ਨ ਚੁਣੇ ਗਏ ਹਨ।
ਸਵਾਲ- ਸਿਰਸਾ ਜ਼ਿਲ੍ਹਾ ਨਸ਼ਿਆਂ ਦਾ ਹੱਬ ਬਣਦਾ ਜਾ ਰਿਹਾ ਹੈ, ਨਸ਼ਿਆਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਹਨ?
ਜਵਾਬ- ਸਿਰਸਾ 'ਚ ਵੱਧ ਰਹੇ ਨਸ਼ੇ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਪੰਜਾਬ ਸਰਕਾਰ ਬਣੀ ਨੂੰ ਇਕ ਸਾਲ ਹੋ ਗਿਆ ਹੈ ਪਰ ਮਾਨ ਸਰਕਾਰ ਨੇ ਨਸ਼ਿਆਂ ਨੂੰ ਕਾਬੂ ਕਰਨ ਲਈ ਕੁਝ ਨਹੀਂ ਕੀਤਾ। ਇਸ ਸਬੰਧੀ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ 3-4 ਵਾਰ ਮੀਟਿੰਗ ਵੀ ਕਰ ਚੁੱਕੀ ਹਾਂ, ਉਨ੍ਹਾਂ ਨੇ ਨਸ਼ਿਆਂ 'ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਨਾਲ ਸਾਂਝੀ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਰਿਆਣਾ 'ਚ ਨਾਰਕੋਟਿਕਸ ਵਿਭਾਗ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਕੁਝ ਨਹੀਂ ਕਰ ਰਹੀ।
ਸਵਾਲ- ਹਰਿਆਣਾ ਦੀ ਇਕਲੌਤੀ ਮਹਿਲਾ ਸੰਸਦ ਮੈਂਬਰ ਹੋਣ ਦੇ ਬਾਵਜੂਦ ਤੁਸੀਂ ਧਰਨੇ 'ਤੇ ਬੈਠੀਆਂ ਪਹਿਲਵਾਨ ਧੀਆਂ ਨੂੰ ਕਿਉਂ ਨਹੀਂ ਮਿਲੇ?
ਜਵਾਬ- ਦੇਸ਼ ਲਈ ਮੈਡਲ ਲਿਆਉਣ ਵਾਲੀਆਂ ਧੀਆਂ ਦਾ ਧਰਨੇ 'ਤੇ ਬੈਠਣਾ ਮੰਦਭਾਗੀ ਗੱਲ ਹੈ। ਮੇਰੀ ਕੋਸ਼ਿਸ਼ ਹੈ ਇਹੀ ਹੈ ਕਿ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਕਰਕੇ ਪਹਿਲਵਾਨਾਂ ਅਤੇ ਸਰਕਾਰ ਵਿਚਕਾਰ ਕੜੀ ਦਾ ਕੰਮ ਕਰਾਂ। ਮੈਨੂੰ ਧਰਨੇ 'ਤੇ ਬੈਠੀਆਂ ਧੀਆਂ ਨਾਲ ਹਮਦਰਦੀ ਹੈ। ਮੈਂ ਕੋਸ਼ਿਸ਼ ਕਰਾਂਗੀ ਕਿ ਇਸ ਮਾਮਲੇ ਦਾ ਹੱਲ ਛੇਤੀ ਤੋਂ ਛੇਤੀ ਨਿਕਲੇ।
ਸਵਾਲ- ਸਿਰਸਾ ਪਛੜਿਆ ਹੋਇਆ ਜ਼ਿਲ੍ਹਾ ਹੈ, ਇਸ ਨੂੰ ਹਾਈਟੈੱਕ ਬਣਾਉਣ ਲਈ ਤੁਸੀਂ ਕੀ ਕਰ ਰਹੇ ਹੋ?
ਜਵਾਬ- ਮੈਂ ਮੰਨਦੀ ਹਾਂ ਕਿ ਸਿਰਸਾ ਇਕ ਪਛੜਿਆ ਜ਼ਿਲ੍ਹਾ ਹੈ, ਜਿਸ ਲਈ ਮੈਂ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹਾਂਗੀ। ਹਰਿਆਣਾ ਦੀ ਮੌਜੂਦਾ ਸਰਕਾਰ ਸਿਰਸਾ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਸਿਰਸਾ ਵਿਚ ਹੁਣ ਹੌਲੀ-ਹੌਲੀ ਤਰੱਕੀ ਹੋ ਰਹੀ ਹੈ। ਸਿਰਸਾ ਦੀ ਜਨਤਾ ਨਾਲ ਮੇਰਾ ਸਿੱਧਾ ਕੁਨੈਕਸ਼ਨ ਹੈ ਅਤੇ ਮੈਂ ਜਨਤਾ ਨਾਲ ਸਿੱਧਾ ਸੰਵਾਦ ਕਾਇਮ ਕਰ ਰਿਹਾ ਹਾਂ।