ਉੱਤਰ ਪ੍ਰਦੇਸ਼ ’ਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ ਭਾਜਪਾ: ਯੋਗੀ
Saturday, Jan 15, 2022 - 04:39 PM (IST)
ਗੋਰਖਪੁਰ– ਗੋਰਖਪੁਰ ਤੋਂ ਟਿਕਟ ਦੇਣ ਲਈ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ’ਚ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਸ਼ਨੀਵਾਰ ਨੂੰ ਦਿੱਲੀ ’ਚ 107 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਯੋਗੀ ਗੋਰਖਪੁਰ ਸ਼ਹਿਰ ਤੋਂ ਚੋਣ ਲੜਨਗੇ ਜਦਕਿ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਕੌਸ਼ਾਂਬੀ ਜ਼ਿਲ੍ਹੇ ਦੀ ਸਿਰਾਥੂ ਸੀਟ ਤੋਂ ਚੋਣ ਮੈਦਾਨ ’ਚ ਉਤਰਨਗੇ।
ਭਾਜਪਾ ਦੀ ਸੂਚੀ ਜਾਰੀ ਹੋਣ ਦੇ ਕੁਝ ਘੰਟਿਆਂ ਬਾਅਦ ਗੋਰਖਪੁਰ ਦੇ ਮੈਡੀਕਲ ਕਾਲਜ ’ਚ ਕੋਰੋਨਾ ਮਹਾਮਾਰੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੀ ਪਹਿਲੀ ਪ੍ਰਤੀਕਿਰਿਆ ਦੇ ਰੂਪ ’ਚ ਯੋਗੀ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਅਤੇ ਸੰਸਦੀ ਬੋਰਡ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਗੋਰਖਪੁਰ ਤੋਂ ਭਜਪਾ ਦਾ ਉਮੀਦਵਾਰ ਬਣਾਇਆ ਹੈ। ਗੋਰਖਪੁਰ ਦੀ ਜਨਤਾ, ਵਰਕਰਾਂ ਅਤੇ ਆਪਣੇ ਸਾਰੇ ਮੌਜੂਦਾ ਅਤੇ ਸਾਬਕਾ ਜਨ-ਪ੍ਰਤੀਨਿਧੀਆਂ ਦੇ ਸਹਿਯੋਗ ਨਾਲ ਭਾਜਪਾ ਸੂਬੇ ’ਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।’
ਅੱਗੇ ਉਨ੍ਹਾਂ ਕਿਹਾ ਕਿ ਅੱਜ ਭਾਜਪਾ ਨੇ ਪਹਿਲੇ ਅਤੇ ਦੂਜੇ ਪੜਾਅ ਦੀਆਂ ਚੋਣਾਂ ਲਈ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਭਾਜਪਾ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਭਾਜਪਾ ਨੇ ਰਾਸ਼ਟਰਵਾਦ, ਵਿਕਾਸ ਅਤੇ ਵਧੀਆ ਸਾਸ਼ਨ ਦੇ ਮੁੱਦੇ ’ਤੇ ਜਿਸ ਢੰਗ ਨਾਲ ਕੰਮ ਕੀਤਾ ਹੈ, ਉਹ ਸਾਰੇ ਲੋਕਾਂ ਦੇ ਸਾਹਮਣੇ ਹੈ।
