ਬੰਗਾਲ ਚੋਣਾਂ: ‘ਬਾਹਰੀਆਂ’ ਨੂੰ ਟਿਕਟ ਮਿਲਣ ’ਤੇ ਭਾਜਪਾ ਵਰਕਰਾਂ ਵਲੋਂ ਹੰਗਾਮਾ
Saturday, Mar 20, 2021 - 11:17 AM (IST)
ਨਵੀਂ ਦਿੱਲੀ— ਪੱਛਮੀ ਬੰਗਾਲ ਵਿਚ ਭਾਜਪਾ, ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਭਾਜਪਾ ਇਨ੍ਹਾਂ ਚੋਣਾਂ ਵਿਚ ਆਪਣੀ ਪੂਰੀ ਤਾਕਤ ਲਾ ਰਹੀ ਹੈ ਪਰ ਇਸ ਮਿਸ਼ਨ ਵਿਚ ਹੁਣ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਵਿਚ ਹੀ ਸਭ ਤੋਂ ਵੱਡਾ ਦੰਗਲ ਸ਼ੁਰੂ ਹੋ ਗਿਆ ਹੈ। ਬਾਹਰੀ ਲੋਕਾਂ ਜਾਂ ਤ੍ਰਿਣਮੂਲ ਕਾਂਗਰਸ ਤੋਂ ਭਾਜਪਾ ਵਿਚ ਆਏ ਲੋਕਾਂ ਨੂੰ ਟਿਕਟ ਦੇਣ ਨੂੰ ਲੈ ਕੇ ਭਾਜਪਾ ਦੇ ਵਰਕਰ ਨਾਰਾਜ਼ ਹਨ। ਬੰਗਾਲ ਦੇ ਕਈ ਸ਼ਹਿਰਾਂ ’ਚ ਉਨ੍ਹਾਂ ਵਲੋਂ ਵਿਖਾਵੇ ਕੀਤੇ ਜਾ ਰਹੇ ਹਨ।
ਬੰਗਾਲ ਦੀ ਅਲੀਪੁਰਦੁਆਰ ਵਿਧਾਨ ਸਭਾ ਸੀਟ ’ਤੇ ਭਾਜਪਾ ਨੇ ਅਰਥਸ਼ਾਸਤਰੀ ਅਸ਼ੋਕ ਲਾਹਿਰੀ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ ਪਰ ਟਿਕਟ ਦੇ ਐਲਾਨ ਮਗਰੋਂ ਇੱਥੇ ਭਾਜਪਾ ਵਰਕਰਾਂ ਵਿਚ ਗੁੱਸੇ ਦੀ ਲਹਿਰ ਦੌੜ ਗਈ। ਉਨ੍ਹਾਂ ਸਥਾਨਕ ਦਫ਼ਤਰ ਦੇ ਬਾਹਰ ਵਿਖਾਵਾ ਕੀਤਾ। ਇਸ ਪਿੱਛੋਂ ਭਾਜਪਾ ਨੇ ਆਪਣਾ ਉਮੀਦਵਾਰ ਬਦਲਿਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਮੁਸਮ ਕਾਂਜੀਲਾਲ ਨੂੰ ਟਿਕਟੀ ਦਿੱਤੀ।
ਅਜਿਹਾ ਹੀ ਜਗਤਾਦਲ ਅਤੇ ਜਲਪਾਈਗੁੜੀ ਸਦਰ ਇਲਾਕੇ ਵਿਚ ਹੋਇਆ। ਇੱਥੇ ਵੀ ਭਾਜਪਾ ਵਰਕਰਾਂ ਨੇ ਤ੍ਰਿਣਮੂਲ ਕਾਂਗਰਸ ਤੋਂ ਆਏ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਣ ਵਿਰੁੱਧ ਤੋੜ-ਭੰਨ ਸ਼ੁਰੂ ਦਿੱਤੀ। ਮਾਲਦਾ ਦੇ ਹਰੀਸ਼ਚੰਦਰਪੁਰ ਵਿਚ ਤਾਂ ਭਾਜਪਾ ਵਰਕਰਾਂ ਨੇ ਪਾਰਟੀ ਦਫ਼ਤਰ ਵਿਚ ਹੀ ਤੋੜ-ਭੰਨ ਕੀਤੀ। ਇੱਥੇ ਭਾਜਪਾ ਨੇ ਮਾਤਿਓਰ ਰਹਿਮਾਨ ਦੇ ਨਾਂ ਦਾ ਐਲਾਨ ਕੀਤਾ ਹੈ। ਉਹ ਕੁਝ ਦਿਨ ਪਹਿਲਾਂ ਹੀ ਭਾਜਪਾ ’ਚ ਆਏ ਸਨ। ਰਹਿਮਾਨ ਦੇ ਨਾਂ ਦਾ ਐਲਾਨ ਹੁੰਦਿਆਂ ਹੀ ਭਾਜਪਾ ਵਰਕਰਾਂ ਵਿਚ ਗੁੱਸਾ ਆ ਗਿਆ ਅਤੇ ਉਨ੍ਹਾਂ ਇਸ ਦਾ ਵਿਰੋਧ ਕੀਤਾ। ਦੱਸ ਦੇਈਏ ਕਿ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਤੋਂ ਭਾਜਪਾ ’ਚ ਆਏ ਕਈ ਆਗੂਆਂ ਨੂੰ ਟਿਕਟ ਦਿੱਤੀ ਗਈ ਹੈ।