ਅੰਨਾ ਯੂਨੀਵਰਸਿਟੀ ਜਬਰ-ਜ਼ਿਨਾਹ ਕੇਸ ਨੂੰ ਲੈ ਕੇ ਭਾਜਪਾ ਨੇ ਕੱਢੀ ‘ਨਿਆਂ ਯਾਤਰਾ’
Saturday, Jan 04, 2025 - 12:55 PM (IST)
ਚੇਨਈ- ਅੰਨਾ ਯੂਨੀਵਰਸਿਟੀ ਦੇ ਕੈਂਪਸ ’ਚ ਜਬਰ-ਜ਼ਿਨਾਹ ਦੀ ਸ਼ਿਕਾਰ ਹੋਈ ਵਿਦਿਆਰਥਣ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਭਾਜਪਾ ਨੇ ਮਦੁਰੈ ਤੋਂ ਚੇਨਈ ਤੱਕ ‘ਨਿਆਂ ਯਾਤਰਾ’ ਕੱਢੀ। ਇਸ ਦੌਰਾਨ ਭਾਜਪਾ ਮਹਿਲਾ ਮੋਰਚਾ ਦੀਆਂ ਆਗੂਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਜਾਂ ਕੁਝ ਮਹਿਲਾ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ। ਪਾਰਟੀ ਨੇਤਾ ਖੁਸ਼ਬੂ ਸੁੰਦਰ, ਤਾਮਿਲਨਾਡੂ ਮਹਿਲਾ ਮੋਰਚਾ ਦੀ ਪ੍ਰਧਾਨ ਉਮਰਾਥੀ ਰਾਜਨ, ਭਾਜਪਾ ਵਿਧਾਇਕ ਡਾ. ਸੀ. ਸਰਸਵਤੀ ਅਤੇ ਕਈ ਮਹਿਲਾ ਮੈਂਬਰਾਂ ਨੂੰ ਚੇਨਈ ’ਚ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਦੌਰਾਨ ਹਿਰਾਸਤ ’ਚ ਲਿਆ ਗਿਆ।
ਭਾਜਪਾ ਦੇ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਸੱਤਾਧਾਰੀ ਦ੍ਰਵਿੜ ਮੁਨੇਤਰ ਕਸ਼ਗਮ (ਦ੍ਰਮੁੱਕ) ਦੀ ਆਲੋਚਨਾ ਕਰਦਿਆਂ ਕਿਹਾ ਕਿ ਤਾਮਿਲਨਾਡੂ ਵਿਚ ਸੰਵਿਧਾਨ ਅਤੇ ਲੋਕਤੰਤਰ ਦੇ ਅਖੌਤੀ ਰੱਖਿਅਕਾਂ ਦੇ ਰਾਜ ਵਿਚ ਇਹ ਸਥਿਤੀ ਹੈ। ਅੰਨਾ ਯੂਨੀਵਰਸਿਟੀ ’ਚ ਜਬਰ-ਜ਼ਨਾਹ ਦੀ ਘਟਨਾ ਦੇ ਵਿਰੋਧ ਵਿਚ ਮਦੁਰੈ-ਚੇਨਈ ਪੈਦਲ ਯਾਤਰਾ ਕੱਢ ਰਹੀਆਂ ਮਹਿਲਾ ਮੋਰਚਾ ਦੀਆਂ ਵਰਕਰਾਂ ਨੂੰ ਰੋਕਣ ਲਈ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਮਦੁਰੈ ਵਿਚ ਵੱਡੀ ਗਿਣਤੀ ਵਿਚ ਭਾਜਪਾ ਮਹਿਲਾ ਵਰਕਰਾਂ ਨੇ ਵਿਦਿਆਰਥਣ ਦੇ ਸਮਰਥਨ ਵਿਚ ਪ੍ਰਦਰਸ਼ਨ ਕੀਤਾ।