ਭਾਜਪਾ ਨੇ ਪੈਸਿਆਂ ਦੇ ਜ਼ੋਰ ’ਤੇ ਡੇਗੀ ਕਰਨਾਟਕ ਸਰਕਾਰ : ਮਾਇਆਵਤੀ
Wednesday, Jul 24, 2019 - 08:44 PM (IST)

ਲਖਨਊ— ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਸੱਤਾ ਦੀ ਦੁਰਵਰਤੋਂ ਕਰ ਕੇ ਅਤੇ ਪੈਸਿਆਂ ਦੇ ਜ਼ੋਰ ’ਤੇ ਕਰਨਾਟਕ ’ਚ ਐੱਚ. ਡੀ. ਕੁਮਾਰਸਵਾਮੀ ਦੀ ਸਰਕਾਰ ਡੇਗੀ ਹੈ।
ਉਨ੍ਹਾਂ ਬੁੱਧਵਾਰ ਇਕ ਟਵੀਟ ਕਰ ਕੇ ਕਿਹਾ ਕਿ ਕਰਨਾਟਕ ’ਚ ਭਾਜਪਾ ਨੇ ਸੰਵਿਧਾਨਕ ਮਰਿਆਦਾਵਾਂ ਨੂੰ ਛਿੱਕੇ ’ਤੇ ਟੰਗ ਕੇ ਜਿਸ ਤਰ੍ਹਾਂ ਵਿਰੋਧੀ ਧਿਰ ਦੀ ਸਰਕਾਰ ਨੂੰ ਡੇਗਣ ਦਾ ਕੰਮ ਕੀਤਾ ਹੈ, ਉਹ ਲੋਕ ਰਾਜ ਦੇ ਇਤਿਹਾਸ ’ਚ ਕਾਲੇ ਅਧਿਆਏ ਵਜੋਂ ਦਰਜ ਹੋਵੇਗਾ। ਇਸ ਘਟਨਾ ਚੱਕਰ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਏ, ਥੋੜ੍ਹੀ ਹੈ। ਮਾਇਆਵਤੀ ਨੇ ਆਪਣੀ ਪਾਰਟੀ ਦੇ ਇਕੋ ਇਕ ਵਿਧਾਇਕ ਮਹੇਸ਼ ਨੂੰ ਵੋਟਾਂ ਪੈਣ ਸਮੇਂ ਹਾਊਸ ’ਚੋਂ ਗੈਰ ਹਾਜ਼ਰ ਰਹਿਣ ਦੇ ਦੋਸ਼ ’ਚੋਂ ਪਾਰਟੀ ’ਚੋਂ ਕੱਢ ਦਿੱਤਾ ਹੈ।