ਲੋਕ ਸਭਾ ਦੀਆਂ 3 ਉਪ-ਚੋਣਾਂ ’ਤੇ ਸਭ ਦੀਆਂ ਨਜ਼ਰਾਂ : ਭਾਜਪਾ ਲਈ ਅਗਲੀ ਪ੍ਰੀਖਿਆ

Tuesday, Aug 18, 2026 - 09:59 AM (IST)

ਲੋਕ ਸਭਾ ਦੀਆਂ 3 ਉਪ-ਚੋਣਾਂ ’ਤੇ ਸਭ ਦੀਆਂ ਨਜ਼ਰਾਂ : ਭਾਜਪਾ ਲਈ ਅਗਲੀ ਪ੍ਰੀਖਿਆ

ਭਾਜਪਾ ਦੀ ਨਵੀਂ ਟੀਮ ਦਾ ਸੋਮਵਾਰ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਪਾਰਟੀ ਦੀ ਅਗਲੀ ਚੋਣ ਪ੍ਰੀਖਿਆ ਲਈ ਤਿਆਰੀਆਂ ਸ਼ੁਰੂ ਹੋ ਗਈਆਂ। ਇਹ ਪ੍ਰੀਖਿਆ ਲੋਕ ਸਭਾ ਦੀਆਂ 3 ਸੀਟਾਂ ਪੱਛਮੀ ਬੰਗਾਲ ’ਚ ਬਸੀਰਹਾਟ, ਆਸਾਮ ’ਚ ਨਾਗਾਓਂ ਤੇ ਮੇਘਾਲਿਆ ’ਚ ਸ਼ਿਲਾਂਗ ਵਿਖੇ ਹੋਣ ਵਾਲੀਆਂ ਉਪ-ਚੋਣਾਂ ਦੇ ਸੰਦਰਭ ’ਚ ਹੈ।

ਚੁਣੌਤੀ ਹੋਰ ਵੀ ਵੱਡੀ ਹੈ ਕਿਉਂਕਿ ਭਾਜਪਾ ਇਨ੍ਹਾਂ ’ਚੋਂ 2 ਸੂਬਿਆਂ ’ਚ ਸੱਤਾ ’ਚ ਹੈ, ਜਦੋਂ ਕਿ ਤੀਜੇ ’ਚ ਰਾਜਗ ਦਾ ਹਿੱਸਾ ਹੈ। ਬਾਂਕੀਪੁਰ (ਬਿਹਾਰ) ਤੇ ਦਤੀਆ (ਮੱਧ ਪ੍ਰਦੇਸ਼) ਵਿਧਾਨ ਸਭਾ ਉਪ-ਚੋਣਾਂ ’ਚ ਭਾਜਪਾ ਦੀ ਕੁਝ ਸਮਾਂ ਪਹਿਲਾਂ ਹੋਈ ਚੋਣ ਹਾਰ ਤੋਂ ਬਾਅਦ ਇਹ ਮੁਕਾਬਲੇ ਹੋਰ ਵੀ ਅਹਿਮ ਹੋ ਗਏ ਹਨ, ਕਿਉਂਕਿ ਪਾਰਟੀ ਉਕਤ ਦੋਵਾਂ ਸੂਬਿਆਂ ’ਚ ਸੱਤਾ ’ਚ ਹੈ।

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਹਾਜੀ ਨੂਰੂਲ ਇਸਲਾਮ ਦੀ ਮੌਤ ਤੋਂ ਬਾਅਦ ਬਸੀਰਹਾਟ ਸੀਟ 25 ਸਤੰਬਰ, 2024 ਤੋਂ ਖਾਲੀ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਰੀ ਜਿੱਤ ਤੋਂ ਬਾਅਦ ਇਹ ਸੀਟ ਭਾਜਪਾ ਲਈ ਅਹਿਮ ਹੈ, ਕਿਉਂਕਿ ਮੁਸਲਿਮ ਵੋਟਰ ਹਲਕੇ ਦਾ ਲਗਭਗ 54 ਫੀਸਦੀ ਹਨ।

ਭਾਜਪਾ ਨੂੰ ਪਹਿਲੀ ਵਾਰ ਬਸੀਰਹਾਟ ਸੀਟ ਜਿੱਤਣ ਦੀ ਉਮੀਦ ਹੈ। ਭਾਜਪਾ ਦੀ ਉਮੀਦਵਾਰ ਰੇਖਾ ਪਾਤਰਾ ਨੇ 2024 ਦੇ ਚੋਣ ਨਤੀਜਿਆਂ ਨੂੰ ਕਲਕੱਤਾ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ’ਚ ਵਿਆਪਕ ਧਾਂਦਲੀ ਦਾ ਦੋਸ਼ ਲਾਇਆ ਗਿਆ ਸੀ। ਇਸਲਾਮ ਦੀ ਮੌਤ ਨੇ ਪਟੀਸ਼ਨ ਨੂੰ ਬੇਅਸਰ ਕਰ ਦਿੱਤਾ ਹੈ। ਹਾਈ ਕੋਰਟ ਨੇ ਅਜੇ ਇਸ ਮਾਮਲੇ ’ਤੇ ਫੈਸਲਾ ਨਹੀਂ ਲਿਆ ਹੈ।

ਸਿਆਸੀ ਹਲਕਿਆਂ ’ਚ ਇਹ ਵੀ ਚਰਚਾ ਹੈ ਕਿ ਮਮਤਾ ਬੈਨਰਜੀ ਚੋਣ ਲੜ ਸਕਦੀ ਹੈ, ਕਿਉਂਕਿ ਉਨ੍ਹਾਂ ਦੇ ਕੁਝ ਹਮਾਇਤੀ ਬਸੀਰਹਾਟ ਨੂੰ ਮੁਕਾਬਲਤਨ ਇਕ ਸੁਰੱਖਿਅਤ ਸੀਟ ਮੰਨਦੇ ਹਨ। ਸ਼ਿਲਾਂਗ ਦੀ ਸੀਟ ਇਸ ਸਾਲ 19 ਫਰਵਰੀ ਨੂੰ ਸੰਸਦ ਮੈਂਬਰ ਰਿੱਕੀ ਏ. ਜੇ. ਸਿੰਗਕੋਨ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਮੇਘਾਲਿਆ ਦੇ ਮੁੱਖ ਚੋਣ ਅਧਿਕਾਰੀ ਬੀ. ਡੀ. ਆਰ. ਤਿਵਾੜੀ ਨੇ ਸੰਕੇਤ ਦਿੱਤਾ ਹੈ ਕਿ 7 ਅਕਤੂਬਰ ਨੂੰ ਵਿਸ਼ੇਸ਼ ਤੀਬਰ ਸੋਧ ਦੇ ਪੂਰਾ ਹੋਣ ਤੋਂ ਬਾਅਦ ਉਪ-ਚੋਣ ਹੋ ਸਕਦੀ ਹੈ।

ਕਾਂਗਰਸ ਦੇ ਸੰਸਦ ਮੈਂਬਰ ਪ੍ਰਦਯੁਤ ਬੋਰਦੋਲੋਈ ਵੱਲੋਂ ਭਾਜਪਾ ਤੋਂ ਅਸਤੀਫਾ ਦੇਣ ਤੋਂ ਬਾਅਦ ਨਾਗਾਓਂ ਸੀਟ ਇਸ ਸਾਲ 18 ਮਾਰਚ ਤੋਂ ਖਾਲੀ ਹੈ। ਸੀਟ ਖਾਲੀ ਹੋਣ ਤੋਂ ਬਾਅਦ 6 ਮਹੀਨਿਆਂ ਦੀ ਸਮਾਂ ਹਦ ਸਤੰਬਰ ’ਚ ਖਤਮ ਹੋ ਰਹੀ ਹੈ। ਇਸ ਕਾਰਨ ਇਸ ਸੀਟ ਲਈ ਬਹੁਤ ਘੱਟ ਸਮਾਂ ਬਚਿਆ ਹੈ।

ਭਾਜਪਾ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਏ. ਯੂ. ਡੀ. ਐੱਫ. ਵੱਲੋਂ ਆਪਣਾ ਉਮੀਦਵਾਰ ਖੜ੍ਹਾ ਕਰਨ ਦੀ ਸੰਭਾਵਨਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਅਗਲੇ ਸਾਲ ਦੇ ਸ਼ੁਰੂ ’ਚ 7 ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਇਨ੍ਹਾਂ ਉਪ ਚੋਣਾਂ ਨੂੰ ਕਰਵਾਉਣ ’ਤੇ ਵਿਚਾਰ ਕਰ ਸਕਦੀ ਹੈ।


author

Harpreet SIngh

Content Editor

Related News