BJP-RSS ਵਾਲਿਆਂ ਨੂੰ ਬੋਲਣਾ ਹੀ ਪਵੇਗਾ "ਜੈ ਸੀਆਰਾਮ" : ਰਾਹੁਲ ਗਾਂਧੀ

Monday, Dec 05, 2022 - 11:15 PM (IST)

BJP-RSS ਵਾਲਿਆਂ ਨੂੰ ਬੋਲਣਾ ਹੀ ਪਵੇਗਾ "ਜੈ ਸੀਆਰਾਮ" : ਰਾਹੁਲ ਗਾਂਧੀ

ਝਾਲਾਵਾੜ (ਇੰਟ.) : ਭਾਰਤ ਜੋੜੋ ਯਾਤਰਾ ਦਾ ਰਾਜਸਥਾਨ ਵਿਚ ਅੱਜ ਪਹਿਲਾ ਦਿਨ ਸੀ। ਮਾਰਨਿੰਗ ਬ੍ਰੇਕ ਤੋਂ ਬਾਅਦ ਉਨ੍ਹਾਂ ਦੀ ਯਾਤਰਾ ਦਾ ਸੈਕੰਡ ਫੇਜ਼ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸਵੇਰ ਦੇ ਸਮੇਂ ਅਤੇ ਕਾਲੀ ਤਲਾਈ ਤੋਂ ਬਾਲੀ ਬੋਰਡਾ ਤੱਕ ਲਗਭਗ 14 ਕਿਲੋਮੀਟਰ ਚੱਲੇ ਸਨ। ਦੂਜੇ ਫੇਜ਼ ਵਿਚ ਯਾਤਰਾ ਸ਼ਾਮ ਝਾਲਰਾਪਾਟਨ ਦੇ ਚੰਦਰਭਾਗਾ ਚੌਰਾਹਾ ਪੁੱਜੀ। ਇਥੇ ਨੁੱਕੜ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਮੁਸ਼ਕਲ ਨਹੀਂ ਹੈ। 3700 ਕਿਲੋਮੀਟਰ ਤੋਂ ਵਧ ਸਾਡੇ ਮਜ਼ਦੂਰ-ਕਿਸਾਨ ਚਲਦੇ ਹਨ, ਉਹ ਜ਼ਿਅਾਦਾ ਮੁਸ਼ਕਲ ਕੰਮ ਕਰਦੇ ਹਨ। ਆਪਣਾ ਖੂਨ ਪਸੀਨਾ ਦੇਸ਼ ਨੂੰ ਦਿੰਦੇ ਹਨ। ਸੱਚੇ ਤਪਸਵੀ ਮਜ਼ਦੂਰ ਅਤੇ ਕਿਸਾਨ ਹਨ। ਕੇਂਦਰ ਸਰਕਾਰ ਦੇਸ਼ ਦੇ ਤਪਸਵੀਆਂ ਦੇ ਹਿੱਤਾਂ ਖਿਲਾਫ ਕੰਮ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਫਾਰਚੂਨਰ ਨਾਲ ਟੱਕਰ ਕਾਰਨ ਬੁਲੇਟ ਨੂੰ ਲੱਗੀ ਅੱਗ, 2 ਨੌਜਵਾਨਾਂ ਦੀ ਗਈ ਜਾਨ

ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਅਤੇ ਆਰ. ਐੱਸ. ਐੱਸ. ਦੇ ਲੋਕ ਜੈ ਸ਼੍ਰੀਰਾਮ ਬੋਲਦੇ ਹਨ। ਸੀਤਾ ਤੋਂ ਬਿਨਾਂ ਰਾਮ ਨਹੀਂ ਹੋ ਸਕਦੇ। ਰਾਮ ਤੋਂ ਬਿਨਾਂ ਸੀਤਾ ਮਾਤਾ ਨਹੀਂ ਹੋ ਸਕਦੀ। ਆਪਣੇ ਨਾਅਰੇ ਨਾਲ ਭਾਜਪਾ ਅਤੇ ਆਰ. ਐੱਸ. ਐੱਸ. ਨੇ ਸੀਤਾ ਮਾਤਾ ਨੂੰ ਕਿਉਂ ਕੱਢਿਆ? ਉਹ ਲੋਕ ਜੈ ਸੀਆਰਾਮ ਕਿਉਂ ਨਹੀਂ ਬੋਲਦੇ? ਆਰ. ਐੱਸ. ਐੱਸ. ਦੇ ਲੋਕਾਂ ਨੂੰ ਜੈ ਸੀਆਰਾਮ ਬੋਲਣਾ ਹੀ ਪਵੇਗਾ। ਉਨ੍ਹਾਂ ਨੂੰ ਜੈ ਸੀਆਰਾਮ ਕਹਿਣ ਤੋਂ ਕੀ ਦਿੱਕਤ ਹੈ। ਇਨ੍ਹਾਂ ਲੋਕਾਂ ਨੂੰ ਭਗਵਾਨ ਰਾਮ ਤੋਂ ਸਿੱਖਣਾ ਚਾਹੀਦਾ ਹੈ। ਭਗਵਾਨ ਰਾਮ ਨੇ ਕਦੇ ਨਫਰਤ ਕਰਨੀ ਨਹੀਂ ਸਿਖਾਈ। ਪਚਪਦਰਾ ਤੋਂ ਕਾਂਗਰਸ ਵਿਧਾਇਕ ਮਦਨ ਪ੍ਰਜਾਪਤ ਰਾਹੁਲ ਗਾਂਧੀ ਦੀ ਯਾਤਰਾ ਵਿਚ ਨੰਗੇ ਪੈਰ ਚੱਲ ਰਹੇ ਹਨ। ਮਦਨ ਪ੍ਰਜਾਪਤ ਨੇ ਕਿਹਾ ਕਿ ਬਾਲੋਤਰਾ ਜ਼ਿਲਾ ਬਣਾਉਣ ਤੱਕ ਮੈਂ ਜੁੱਤੀਆਂ ਨਹੀਂ ਪਹਿਨਾਂਗਾ, ਇਹ ਮੇਰੀ ਪ੍ਰਤਿਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ 2 ਨੌਜਵਾਨਾਂ ਦੀ ਮੌਤ

ਭਾਰਤ ਜੋੜੋ ਯਾਤਰਾ ਦੇ ਸਵੇਰ ਦੇ ਸੈਸ਼ਨ ਵਿਚ ਜੈਪੁਰ ਦੇ ਆਦਰਸ਼ ਨਗਰ ਤੋਂ ਕਾਂਗਰਸ ਵਿਧਾਇਕ ਰਫੀਕ ਖਾਨ ਨੂੰ ਰਾਹੁਲ ਗਾਂਧੀ ਨੇ ਝਾੜ ਦਿੱਤਾ। ਰਾਹੁਲ ਯਾਤਰਾ ਦੌਰਾਨ ਚੱਲਦੇ ਹੋਏ ਕਿਸੇ ਨਾਲ ਚਰਚਾ ਕਰ ਰਹੇ ਸਨ, ਇਸੇ ਦੌਰਾਨ ਵਿਧਾਇਕ ਰਫੀਕ ਖਾਨ ਨੇ ਕਈ ਵਾਰ ਟੋਕਾਟਾਕੀ ਕੀਤੀ ਤਾਂ ਉਹ ਨਾਰਾਜ਼ ਹੋ ਗਏ। ਰਾਹੁਲ ਦੀ ਝਾੜ ਤੋਂ ਬਾਅਦ ਵਿਧਾਇਕ ਰਫੀਕ ਖਾਨ ਸ਼ਰਮਿੰਦਾ ਹੋ ਗਏ ਅਤੇ ਰਾਹੁਲ ਗਾਂਧੀ ਤੋਂ ਕੁਝ ਦੂਰੀ ’ਤੇ ਚੱਲਣ ਲੱਗੇ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਦੀ ਨੀਅਤ ਅਤੇ ਨੀਤੀ ਕਾਰਨ ਭਾਰਤ ਟੁੱਟਣ ਦਾ ਖਤਰਾ ਵਧ ਰਿਹਾ ਹੈ। ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਉਦੈਪੁਰ ਦੇ ਸਾਬਕਾ ਸੰਸਦ ਮੈਂਬਰ ਰਘੁਵੀਰ ਮੀਣਾ ਅੱਜ ਸਵੇਰੇ ਪੈਰ ਤਿਲਕਣ ਕਾਰਨ ਡਿੱਗ ਗਏ, ਜਿਸ ਨਾਲ ਉਨ੍ਹਾਂ ਨੂੰ ਸੱਟ ਲੱਗ ਗਈ।

ਇਹ ਖ਼ਬਰ ਵੀ ਪੜ੍ਹੋ - ਬੀਬੀ ਜਗੀਰ ਕੌਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਿਆ ਪੱਤਰ, SGPC ਨੂੰ ਇਹ ਹਦਾਇਤਾਂ ਦੇਣ ਦੀ ਮੰਗ

ਭਾਰਤ ਜੋੜੋ ਯਾਤਰਾ ਦੇ ਰਾਜਸਥਾਨ ਪੜਾਅ ਦੇ ਪਹਿਲੇ ਦਿਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਯਾਤਰਾ ਵਿਚ ਸ਼ਾਮਲ ਬੱਚਿਆਂ ਨਾਲ ਗੱਲ ਕੀਤੀ ਅਤੇ ਰਸਤੇ ਵਿਚ ਇਕ ਢਾਬੇ ’ਤੇ ਚਾਹ ਦੀਆਂ ਚੁਸਕੀਆਂ ਲਈਆਂ। ਕਾਂਗਰਸ ਸ਼ਾਸਿਤ ਰਾਜਸਥਾਨ ਵਿਚ ਪਾਰਟੀ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਸੋਮਵਾਰ ਸਵੇਰੇ ਸ਼ੁਰੂ ਹੋਈ। ਇਸ ਵਿਚ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News