ਸਵਪਨ ਦਾਸ ਗੁਪਤਾ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

03/17/2021 12:52:01 PM

ਨਵੀਂ ਦਿੱਲੀ – ਰਾਜ ਸਭਾ ਦੇ ਨਾਮਜ਼ਦ ਮੈਂਬਰ ਸਵਪਨ ਦਾਸ ਗੁਪਤਾ ਨੇ ਪੱਛਮੀ ਬੰਗਾਲ ਵਿਧਾਨ ਸਭਾ ’ਚ ਭਾਜਪਾ ਉਮੀਦਵਾਰ ਐਲਾਨੇ ਜਾਣ ਦੇ ਬਾਅਦ ਮੰਗਲਵਾਰ ਨੂੰ ਉੱਚ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਉਨ੍ਹਾਂ ਨੂੰ ਤਾਰਕੇਸ਼ਵਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਇਸ ਤੋਂ ਪਹਿਲਾਂ ਤ੍ਰਿਣਮੂਲ ਮੈਂਬਰ ਮੋਹੁਆ ਮੋਇਤਰਾ ਨੇ ਟਵੀਟ ਕਰ ਕੇ ਕਿਹਾ ਸੀ ਕਿ ਦਾਸ ਗੁਪਤਾ ਬੰਗਾਲ ਚੋਣਾਂ ’ਚ ਭਾਜਪਾ ਦੇ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ 10ਵੇਂ ਨੋਟੀਫਿਕੇਸ਼ਨ ਮੁਤਾਬਕ ਜੇਕਰ ਕੋਈ ਨਾਮਜ਼ਦ ਮੈਂਬਰ ਸਹੁੰ ਚੁੱਕਣ ਦੇ 6 ਮਹੀਨੇ ਬਾਅਦ ਕਿਸੇ ਸਿਆਸੀ ਦਲ ’ਚ ਸ਼ਾਮਲ ਹੁੰਦਾ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰ ਤੋਂ ਨੇਤਾ ਬਣੇ ਸਵਪਨ ਦਾਸ ਗੁਪਤਾ ਨੂੰ ਰਾਜ ਸਭਾ ਲਈ ਸਾਲ 2016 ’ਚ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤਾ ਗਿਆ ਸੀ। 

ਟੀ.ਐੱਮ.ਸੀ. ਵੱਲੋਂ ਲਗਾਏ ਗਏ ਦੋਸ਼ਾਂ ’ਤੇ ਸਵਪਨ ਦਾਸ ਗੁਪਤਾ ਨੇ ਕਿਹਾ ਸੀ ਕਿ ਨਿਯਮਾਂ ਬਾਰੇ ਮੈਨੂੰ ਪਤਾ ਹੈ। ਜੇਕਰ ਇਹ ਸਵਾਲ ਮੇਰੇ ਨਾਮਜ਼ਦਗੀ ਤੋਂ ਬਾਅਦ ਚੁੱਕੇ ਗਏ ਹੁੰਦੇ ਤਾਂ ਇਸ ਵਿਚ ਬੋਲਣ ਲਈ ਕੁਝ ਹੁੰਦਾ। ਅਜੇ ਜਦੋਂ ਮੈਂ ਨਾਮਜ਼ਦੀ ਪਰਚਾ ਨਹੀਂ ਭਰਿਆ ਤਾਂ ਮੈਂ ਇਸ ’ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਨਾਲ ਹੀ ਉਨ੍ਹਾਂ ਕਿਹਾ ਸੀ ਕਿ ਸਾਰੇ ਨਿਯਮਾਂ ਦਾ ਪਾਲਨ ਕਰਦੇ ਹੋਏ ਹੀ ਨਾਮਜ਼ਦੀ ਪਰਚਾ ਭਰਿਆ ਜਾਵੇਗਾ। 

ਦੱਸ ਦੇਈਏ ਕਿ ਐਤਵਾਰ ਨੂੰ ਭਾਜਪਾ ਵੱਲੋਂ ਕੁਝ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕੀਤਾ ਗਿਆ ਸੀ। ਜਿਸ ਵਿਚ ਰਾਜ ਸਭਾ ਸਾਂਸਦ ਸਵਪਨ ਦਾਸ ਗੁਪਤਾ ਦਾ ਵੀ ਨਾਂਅ ਸ਼ਾਮਲ ਸੀ। ਸਾਂਸਦ ਲਾਕੇਟ ਚਟਰਜੀ ਨੂੰ ਚੁਰਚੁਰਾ ਤੋਂ, ਅੰਜਨਾ ਬਾਸੁ ਨੂੰ ਸੋਨਾਰਪੁਰ ਸਾਊਥ ਤੋਂ, ਰਾਜੀਵ ਬੈਨਰਜੀ ਨੂੰ ਡੋਮਝੁਰ ਤੋਂ, ਪਾਇਲ ਸਰਕਾਰ ਨੂੰ ਬੇਹਾਲਾ ਈਸਟ ਤੋਂ ਅਤੇ ਅਲੀਪੁਰਦੁਆਰ ਤੋਂ ਅਸ਼ੋਕ ਲਾਹਿਰੀ ਨੂੰ ਟਿਕਟ ਦਿੱਤੀ ਗਈ ਸੀ। 

ਪੱਛਮੀ ਬੰਗਾਲ ’ਚ 8 ਗੇੜ ’ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। 294 ਸੀਟਾਂ ਵਲੇ ਵਿਧਾਨ ਸਭਾ ਲਈ ਪਹਿਲੇ ਗੇੜ ਦੀ ਵੋਟਿੰਗ 27 ਮਾਰਚ ਨੂੰ ਹੋਣੀ ਹੈ। ਚੋਣ ਨਤੀਜੇ 2 ਮਈ ਨੂੰ ਜਾਰੀ ਕੀਤੇ ਜਾਣਗੇ। 


Rakesh

Content Editor

Related News