ਭਾਜਪਾ ਨੇ ਰਾਸ਼ਟਰੀ ਕਾਰਜਕਾਰਨੀ ''ਚ ਕੀਤਾ ਵੱਡਾ ਬਦਲਾਅ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
Saturday, Jul 29, 2023 - 10:02 PM (IST)

ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਨਵੀਂ ਰਾਸ਼ਟਰੀ ਕਾਰਜਕਾਰਨੀ ’ਚ ਕਈ ਅਹਿਮ ਅਹੁਦਿਆਂ ’ਤੇ ਨਿਯੁਕਤੀਆਂ ਕਰਨ ਤੋਂ ਇਲਾਵਾ ਕਈ ਸੂਬਿਆਂ ਦੇ ਸੰਗਠਨ ਜਨਰਲ ਸਕੱਤਰਾਂ ਨੂੰ ਵੀ ਬਦਲਿਆ ਗਿਆ ਹੈ। ਹੁਣ ਰਵਿੰਦਰ ਰਾਜੂ ਦੀ ਥਾਂ ਫਣੀਂਦਰ ਨਾਥ ਸ਼ਰਮਾ ਹਰਿਆਣਾ ਦੇ ਨਵੇਂ ਸੰਗਠਨ ਜਨਰਲ ਸਕੱਤਰ ਹੋਣਗੇ। ਰਾਜੂ ਨੂੰ ਹੁਣ ਤ੍ਰਿਪੁਰਾ ਅਤੇ ਆਸਾਮ ’ਚ ਸੰਗਠਨ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਰਵਿੰਦਰ ਰਾਜੂ ਨੂੰ ਕਰੀਬ ਪੌਣੇ ਤਿੰਨ ਸਾਲ ਪਹਿਲਾਂ ਨਵੰਬਰ 2020 ਵਿਚ ਹਰਿਆਣਾ ਦਾ ਸੰਗਠਨ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।
ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਅੱਜ ਜਾਰੀ ਕੀਤੀ ਗਈ ਸੂਚੀ ਅਨੁਸਾਰ 13 ਮੀਤ ਪ੍ਰਧਾਨ, 8 ਕੌਮੀ ਜਨਰਲ ਸਕੱਤਰ, 1 ਸੰਗਠਨ ਜਨਰਲ ਸਕੱਤਰ, 1 ਸਹਿ-ਸੰਗਠਨ ਜਨਰਲ ਸਕੱਤਰ, 13 ਕੌਮੀ ਸਕੱਤਰ, 1 ਖਜ਼ਾਨਚੀ, 1 ਸਹਿ-ਖਜ਼ਾਨਚੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿਚ ਹਰਿਆਣਾ ਦੇ ਕਿਸੇ ਵੀ ਭਾਜਪਾ ਆਗੂ ਦਾ ਨਾਂ ਸ਼ਾਮਲ ਨਹੀਂ ਹੈ। ਹਾਲਾਂਕਿ, ਹਰਿਆਣਾ ਦੇ ਗੁਆਂਢੀ ਸੂਬੇ ਪੰਜਾਬ ਤੋਂ 2 ਅਤੇ ਰਾਜਸਥਾਨ ਦੇ 3 ਚਿਹਰਿਆਂ ਨੂੰ ਰਾਸ਼ਟਰੀ ਕਾਰਜਕਾਰਨੀ ਵਿਚ ਜਗ੍ਹਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਕੈਪਟਨ ਅਭਿਮਨਿਊ ਉੱਤਰ ਪ੍ਰਦੇਸ਼ ਚੋਣਾਂ ਦੌਰਾਨ ਸਹਿ-ਇੰਚਾਰਜ ਰਹਿਣ ਤੋਂ ਇਲਾਵਾ ਭਾਜਪਾ ਦੇ ਕੌਮੀ ਬੁਲਾਰੇ ਅਤੇ ਕੌਮੀ ਜਨਰਲ ਸਕੱਤਰ ਰਹਿ ਚੁੱਕੇ ਹਨ। ਇਸੇ ਤਰ੍ਹਾਂ ਹਰਿਆਣਾ ਪ੍ਰਦੇਸ਼ ਪ੍ਰਧਾਨ ਓਮਪ੍ਰਕਾਸ਼ ਧਨਖੜ ਪਾਰਟੀ ਦੇ ਕੌਮੀ ਸਕੱਤਰ ਹੋਣ ਦੇ ਨਾਲ-ਨਾਲ ਕਿਸਾਨ ਮੋਰਚਾ ਦੇ ਪ੍ਰਧਾਨ ਅਤੇ ਸਟੈਚੂ ਆਫ਼ ਲਿਬਰਟੀ ਦੇ ਕੌਮੀ ਕੋਆਰਡੀਨੇਟਰ ਵੀ ਰਹਿ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਕ ਕੇਡਰ ਆਧਾਰਿਤ ਪਾਰਟੀ ਮੰਨਿਆ ਜਾਂਦਾ ਹੈ ਅਤੇ ਇਸ ਪਾਰਟੀ ਵਿਚ ਰਾਸ਼ਟਰੀ ਪ੍ਰਧਾਨ ਤੋਂ ਬਾਅਦ ਰਾਸ਼ਟਰੀ ਕਾਰਜਕਾਰਨੀ ਦੇ ਅਹੁਦੇਦਾਰਾਂ, ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰਾਂ, ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਦੀ ਪ੍ਰਭਾਵਸ਼ਾਲੀ ਭੂਮਿਕਾ ਮੰਨੀ ਜਾਂਦੀ ਹੈ। ਕੌਮੀ ਕਾਰਜਕਾਰਨੀ ਵਿਚ ਹਰਿਆਣਾ ਦੇ ਤਿੰਨ ਆਗੂ ਮੈਂਬਰ ਹਨ, ਜਦਕਿ ਮਹਿੰਦਰਗੜ੍ਹ ਦੀ ਸਾਬਕਾ ਸੰਸਦ ਮੈਂਬਰ ਸੁਧਾ ਯਾਦਵ ਸੰਸਦੀ ਬੋਰਡ ਤੋਂ ਇਲਾਵਾ ਕੇਂਦਰੀ ਚੋਣ ਕਮੇਟੀ ਦੀ ਮੈਂਬਰ ਵੀ ਹੈ। ਹਾਲਾਂਕਿ ਪਾਰਟੀ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਰਾਸ਼ਟਰੀ ਅਹੁਦੇਦਾਰਾਂ ਦੀ ਸੂਚੀ 'ਚ ਹਰਿਆਣਾ ਦੇ ਇਕ ਵੀ ਨੇਤਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਹਰਿਆਣਾ ’ਚ ਪਿਛਲੇ 9 ਸਾਲਾਂ ਤੋਂ ਭਾਜਪਾ ਸੱਤਾ ’ਤੇ ਕਾਬਜ਼ ਹੈ। ਦੂਜੇ ਪਾਸੇ ਗੁਆਂਢੀ ਰਾਜ ਪੰਜਾਬ ਵਿਚ ਆਮ ਆਦਮੀ ਪਾਰਟੀ ਸੱਤਾ ਵਿਚ ਹੈ ਅਤੇ ਰਾਜਸਥਾਨ ਵਿਚ ਕਾਂਗਰਸ ਸੱਤਾ ਵਿੱਚ ਹੈ। ਨਵੀਂ ਕਾਰਜਕਾਰਨੀ ਵਿਚ ਰਾਜਸਥਾਨ ਦੀ ਵਸੁੰਧਰਾ ਰਾਜੇ ਨੂੰ ਰਾਸ਼ਟਰੀ ਉਪ ਪ੍ਰਧਾਨ, ਸੁਨੀਲ ਬਾਂਸਲ ਨੂੰ ਰਾਸ਼ਟਰੀ ਜਨਰਲ ਸਕੱਤਰ ਅਤੇ ਅਲਕਾ ਗੁਰਜਰ ਨੂੰ ਰਾਸ਼ਟਰੀ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੰਜਾਬ ਤੋਂ ਤਰੁਣ ਚੁੱਘ ਨੂੰ ਕੌਮੀ ਜਨਰਲ ਸਕੱਤਰ, ਨਰਿੰਦਰ ਸਿੰਘ ਰੈਨਾ ਨੂੰ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਰਾਜਸਥਾਨ ’ਚ ਇਸ ਸਾਲ ਦੇ ਅੰਤ ’ਚ ਤੇ ਅਗਲੇ ਸਾਲ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਗਲੇ ਸਾਲ ਹੀ ਸੰਸਦੀ ਚੋਣਾਂ ਵੀ ਹੋਣੀਆਂ ਹਨ ਅਤੇ ਚੋਣਾਂ ਤੋਂ ਪਹਿਲਾਂ ਸੰਗਠਨ ਵਿਚ ਇਸ ਵੱਡੀ ਤਬਦੀਲੀ ਨੂੰ ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
27 ਨਵੰਬਰ 2020 ਨੂੰ ਸੰਗਠਨ ਜਨਰਲ ਸਕੱਤਰ ਬਣਾਏ ਗਏ ਸਨ ਰਾਜੂ
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਪ੍ਰਚਾਰਕ ਰਵਿੰਦਰ ਰਾਜੂ ਨੂੰ 27 ਨਵੰਬਰ 2020 ਨੂੰ ਹਰਿਆਣਾ ਦਾ ਸੰਗਠਨ ਜਨਰਲ ਸਕੱਤਰ ਬਣਾਇਆ ਗਿਆ ਸੀ। ਹੁਣ ਰਾਜੂ ਨੂੰ ਆਸਾਮ ਅਤੇ ਤ੍ਰਿਪੁਰਾ ਵਰਗੇ ਰਾਜਾਂ ਵਿਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਰਾਜੂ ਇਸ ਤੋਂ ਪਹਿਲਾਂ ਭਾਜਪਾ ਦੇ ਭਵਨ ਨਿਰਮਾਣ ਪ੍ਰੋਗਰਾਮ ਦੇ ਰਾਸ਼ਟਰੀ ਕਨਵੀਨਰ ਹੋਣ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਵਿਚ ਭਾਜਪਾ ਦੇ ਸੂਬਾ ਸੰਗਠਨ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਭਗਵਾ ਪਾਰਟੀ ਵਿਚ ਸੰਗਠਨ ਜਨਰਲ ਸਕੱਤਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੈ ਅਤੇ ਇਹ ਅਹੁਦਾ ਆਮ ਤੌਰ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਿਛੋਕੜ ਵਾਲੇ ਨੇਤਾਵਾਂ ਨੂੰ ਦਿੱਤਾ ਜਾਂਦਾ ਹੈ, ਜੋ ਸੱਤਾ ਅਤੇ ਸੰਗਠਨ ਵਿਚ ਇਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੇ ਹਨ। ਹੁਣ ਰਾਜੂ ਦੀ ਜਗ੍ਹਾ ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ ਫਣੀਂਦਰ ਨਾਥ ਸ਼ਰਮਾ ਨੂੰ ਪਾਰਟੀ ਦੀ ਹਰਿਆਣਾ ਰਾਜ ਇਕਾਈ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਵਰਣਨਯੋਗ ਹੈ ਕਿ ਰਵਿੰਦਰ ਰਾਜੂ ਨੇ ਹਰਿਆਣਾ ਵਿਚ ਕਰੀਬ ਪੌਣੇ ਤਿੰਨ ਸਾਲ ਸੰਗਠਨ ਜਨਰਲ ਸਕੱਤਰ ਦੇ ਅਹੁਦੇ ’ਤੇ ਰਹਿੰਦਿਆਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਰਕਾਰ ਅਤੇ ਸੰਗਠਨ ਵਿਚ ਬਿਹਤਰ ਤਾਲਮੇਲ ਸਥਾਪਿਤ ਕਰਨ ਦੀ ਦਿਸ਼ਾ ਵਿਚ ਵੀ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ ਅਤੇ ਉਹ ਇਸ ਵਿਚ ਕਾਮਯਾਬ ਵੀ ਰਹੇ।