ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀ ਕੁੱਟਮਾਰ ਮਾਮਲੇ ''ਚ ਗ੍ਰਿਫਤਾਰ
Wednesday, Jun 26, 2019 - 07:14 PM (IST)

ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਆਕਾਸ਼ ਵਿਜੇਵਰਗੀ ਨੂੰ ਮੱਧ ਪ੍ਰਦੇਸ਼ ਦੀ ਪੁਲਸ ਨੇ ਕੁੱਟਮਾਰ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ। ਆਕਾਸ਼ ਦੀ ਇੰਦੌਰ ਨਗਰ ਨਿਗਮ ਅਧਿਕਾਰੀ ਦੀ ਬੱਲੇ ਨਾਲ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਆਕਾਸ਼ ਖਿਲਾਫ ਐਫ. ਆਈ. ਆਰ. ਦਰਜ ਹੋਈ ਸੀ। ਜਿਸ ਦੌਰਾਨ ਪੁਲਸ ਨੇ ਕਾਰਵਾਈ ਕਰਦੇ ਹੋਏ ਆਕਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਆਕਾਸ਼ ਖਿਲਾਫ ਆਈ. ਪੀ. ਸੀ. ਦੀ ਧਾਰਾ 353, 294,323,506,147,148 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਆਕਾਸ਼ ਵਿਜੇਵਰਗੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਸਕੱਤਰ ਤੇ ਦਿੱਗਜ ਆਗੂ ਕੈਲਾਸ਼ ਵਿਜੇਵਰਗੀ ਦੇ ਬੇਟੇ ਹਨ। ਇਸ ਮਾਮਲੇ ਨੂੰ ਲੈ ਕੇ ਆਕਾਸ਼ ਵਿਜੇਵਰਗੀ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਨੂੰ ਖਤਮ ਕਰਨਗੇ। ਉਨ੍ਹਾਂ ਕਿਹਾ ਕਿ ਐਪਲੀਕੇਸ਼ਨ, ਬੇਨਤੀ ਤੇ ਫਿਰ ਦਨਾ ਦਨ ਦੇ ਤਹਿਤ ਅਸੀਂ ਹੁਣ ਕਾਰਵਾਈ ਕਰਾਂਗੇ। ਨਿਗਮ ਦੇ ਅਧਿਕਾਰੀ ਦੀ ਕੁੱਟਮਾਰ ਮਾਮਲੇ 'ਚ ਆਕਾਸ਼ ਦੇ ਨਾਲ ਹੀ 10 ਹੋਰ ਲੋਕਾਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਥੇ ਹੀ ਆਕਾਸ਼ ਨੂੰ ਅਦਾਲਤ ਦੇ ਸਾਹਮਣੇ ਪੇਸ਼ ਵੀ ਕੀਤਾ ਗਿਆ।