ਭਾਜਪਾ ਨੇਤਾਵਾਂ ਦੇ ਅੱਤਵਾਦੀਆਂ ਅਤੇ ਅਪਰਾਧੀਆਂ ਨਾਲ ਸਬੰਧ ਹਨ : ਅਲਕਾ ਲਾਂਬਾ
Sunday, Jul 10, 2022 - 01:14 PM (IST)
ਰਾਂਚੀ (ਵਾਰਤਾ)- ਕਾਂਗਰਸ ਦੀ ਰਾਸ਼ਟਰੀ ਬੁਲਾਰਾ ਅਲਕਾ ਲਾਂਬਾ ਨੇ ਭਾਜਪਾ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਭਾਜਪਾ ਨੇਤਾਵਾਂ ਦੇ ਅੱਤਵਾਦੀਆਂ ਅਤੇ ਅਪਰਾਧੀਆਂ ਨਾਲ ਸਬੰਧ ਹਨ। ਸ਼੍ਰੀਮਤੀ ਲਾਂਬਾ ਨੇ ਸ਼ਨੀਵਾਰ ਨੂੰ ਝਾਰਖੰਡ ਪ੍ਰਦੇਸ਼ ਕਾਂਗਰਸ ਦਫ਼ਤਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਭਾਜਪਾ ’ਤੇ ਦੋਸ਼ ਲਾਇਆ ਕਿ ਪਵਿੱਤਰ ਅਮਰਨਾਥ ਯਾਤਰਾ ਦੌਰਾਨ ਹਿੰਸਾ ਦੀ ਸਾਜ਼ਿਸ਼ ਰਚਣ ਵਾਲੇ ਅੱਤਵਾਦੀ ਤਾਲਿਬ ਹੁਸੈਨ ਸ਼ਾਹ ਦੇ ਸਬੰਧ ਵੀ ਭਾਜਪਾ ਨੇਤਾਵਾਂ ਨਾਲ ਹਨ। ਲਾਂਬਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਅੱਤਵਾਦ ’ਤੇ ਰਾਜਨੀਤੀ ਕਰਨ ਦੇ ਪੱਖ ’ਚ ਨਹੀਂ ਰਹੀ ਪਰ ਅੱਜ ਜੋ ਹਾਲਾਤ ਹਨ ਅਤੇ ਜਿਸ ਤਰ੍ਹਾਂ ਇਕ ਤੋਂ ਬਾਅਦ ਇਕ ਘਟਨਾਵਾਂ ’ਚ ਲਗਾਤਾਰ ਅੱਤਵਾਦੀਆਂ ਅਤੇ ਅਪਰਾਧੀਆਂ ਦੇ ਤਾਰ ਭਾਜਪਾ ਨਾਲ ਜੁੜੇ ਮਿਲੇ ਹਨ, ਅਜਿਹੇ ’ਚ ਸਵਾਲ ਪੁੱਛਣਾ ਜ਼ਰੂਰੀ ਹੋ ਗਿਆ ਹੈ। ਤੁਸੀਂ ਵੀ ਸੋਚੋ ਅਤੇ ਸਮਝੋ ਕਿ ਭਾਜਪਾ ਰਾਸ਼ਟਰਵਾਦ ਦੀ ਆੜ ’ਚ ਭਾਜਪਾ ਦੇਸ਼ ਨਾਲ ਕਿੰਨੀ ਘਿਨਾਉਣੀ ਖੇਡ ਖੇਡ ਰਹੀ ਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਦੇਪੁਰ ’ਚ ਕਨ੍ਹਈਆ ਲਾਲ ਦੇ ਕਤਲ ’ਚ ਸ਼ਾਮਲ ਇਕ ਮੁਲਜ਼ਮ ਮੁਹੰਮਦ ਰਿਆਜ਼ ਅੰਸਾਰੀ ਭਾਜਪਾ ਦਾ ਵਰਕਰ ਨਿਕਲਿਆ। ਇਸ ਨੇ ਬਾਕਾਇਦਾ ਭਾਜਪਾ ਨੇਤਾਵਾਂ ਦੀ ਹਾਜ਼ਰੀ ’ਚ ਪਾਰਟੀ ਦੀ ਮੈਂਬਰਸ਼ਿਪ ਲਈ ਸੀ। ਮੀਡੀਆ ਰਿਪੋਰਟ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਿਆਜ਼ ਰਾਜਸਥਾਨ ਵਿਧਾਨ ਸਭਾ ’ਚ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਗੁਲਾਬਚੰਦ ਕਟਾਰੀਆ ਦੇ ਜਵਾਈ ਅਤੇ ਸਾਬਕਾ ਕੌਂਸਲਰ ਅਤੁਲ ਚੰਡਾਲੀਆ ਦੀ ਫੈਕਟਰੀ ਵਿਚ ਕੰਮ ਕਰ ਚੁੱਕਾ ਹੈ। ਇਸ ਨੂੰ ਭਾਜਪਾ ਦੇ ਕਈ ਪ੍ਰੋਗਰਾਮਾਂ ’ਚ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਦੇਖਿਆ ਗਿਆ ਹੈ। ਸ੍ਰੀਮਤੀ ਲਾਂਬਾ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮਹਾਰਾਸ਼ਟਰ ਦੇ ਅਮਰਾਵਤੀ ਵਿਚ ਕੈਮਿਸਟ ਉਮੇਸ਼ ਕੋਲਹੇ ਦੇ ਕਤਲ ਦੇ ਕਥਿਤ ਮਾਸਟਰਮਾਈਂਡ ਇਰਫਾਨ ਖਾਨ ਦਾ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਸ ਦੇ ਪਤੀ ਰਵੀ ਰਾਣਾ ਨਾਲ ਸਬੰਧ ਹੈ ਅਤੇ ਰਾਣਾ ਜੋੜੇ ਦਾ ਭਾਜਪਾ ਨਾਲ ਸਬੰਧ ਕਿਸੇ ਤੋਂ ਲੁਕਿਆ ਨਹੀਂ ਹੈ। ਇਰਫਾਨ ਖਾਨ ਰਾਣਾ ਜੋੜੇ ਲਈ ਪ੍ਰਚਾਰ ਕਰਦਾ ਰਿਹਾ ਸੀ ਅਤੇ ਵੋਟਾਂ ਮੰਗਦਾ ਸੀ।