ਭਾਜਪਾ ਨੇਤਾਵਾਂ ਨੇ ਦੇਵਘਰ ਤੋਂ ‘ਜ਼ਬਰਦਸਤੀ’ ਭਰੀ ਉਡਾਣ, 2 ਸੰਸਦ ਮੈਂਬਰਾਂ ਸਮੇਤ 9 ਨੇਤਾਵਾਂ ਖਿਲਾਫ FIR

Sunday, Sep 04, 2022 - 11:59 AM (IST)

ਭਾਜਪਾ ਨੇਤਾਵਾਂ ਨੇ ਦੇਵਘਰ ਤੋਂ ‘ਜ਼ਬਰਦਸਤੀ’ ਭਰੀ ਉਡਾਣ, 2 ਸੰਸਦ ਮੈਂਬਰਾਂ ਸਮੇਤ 9 ਨੇਤਾਵਾਂ ਖਿਲਾਫ FIR

ਰਾਂਚੀ– ਝਾਰਖੰਡ ਦੇ ਦੇਵਘਰ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲਰ ’ਤੇ ਦਬਾਅ ਪਾ ਕੇ ਰਾਤ ਨੂੰ ਚਾਰਟਰਡ ਜਹਾਜ਼ ਟੇਕ ਆਫ ਕਰਵਾਉਣ ਦੇ ਮਾਮਲੇ ’ਚ ਭਾਜਪਾ ਨੇਤਾਵਾਂ ਸਮੇਤ 9 ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਨ੍ਹਾਂ ’ਚ ਗੋਡਾ ਤੋਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਉਨ੍ਹਾਂ ਦੇ ਦੋ ਪੁੱਤਰਾਂ, ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਨਾਂ ਸ਼ਾਮਲ ਹਨ। ਐੱਫ. ਆਈ. ਆਰ. ਦੇਵਘਰ ਹਵਾਈ ਅੱਡੇ ’ਤੇ ਤਾਇਨਾਤ ਡੀ. ਐੱਸ. ਪੀ. ਸੁਮਨ ਅਮਨ ਨੇ ਜ਼ਿਲੇ ਦੇ ਕੁੰਡਾ ਥਾਣੇ ’ਚ ਦਰਜ ਕਰਵਾਈ ਹੈ।

ਡੀ. ਐੱਸ. ਪੀ ਸੁਮਨ ਅਮਨ ਅਨੁਸਾਰ 31 ਅਗਸਤ ਨੂੰ ਗੋਡਾ ਦੇ ਸੰਸਦ ਮੈਂਬਰ, ਉਨ੍ਹਾਂ ਦੇ ਦੋ ਪੁੱਤਰ, ਮਨੋਜ ਤਿਵਾੜੀ ਅਤੇ ਹੋਰ ਲੋਕ ਦੇਵਘਰ ਹਵਾਈ ਅੱਡੇ ਦੇ ਏ. ਟੀ. ਸੀ. ’ਚ ਜ਼ਬਰਦਸਤੀ ਦਾਖਲ ਹੋ ਗਏ ਅਤੇ ਮੁਲਾਜ਼ਮਾਂ ’ਤੇ ਜ਼ਬਰਦਸਤੀ ਕਲੀਅਰੈਂਸ ਲੈਣ ਲਈ ਦਬਾਅ ਪਾਇਆ। ਉਨ੍ਹਾਂ ਨੇ ਆਪਣੀ ਸ਼ਿਕਾਇਤ ’ਚ ਇਹ ਵੀ ਕਿਹਾ ਕਿ ਦੇਵਘਰ ਹਵਾਈ ਅੱਡੇ ’ਤੇ ਨਾਈਟ ਟੇਕ ਆਫ ਅਤੇ ਲੈਂਡਿੰਗ ਦੀ ਸਹੂਲਤ ਅਜੇ ਤੱਕ ਨਹੀਂ ਹੈ।

ਜ਼ਿਕਰਯੋਗ ਹੈ ਕਿ ਉਹ ਉਸ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੁਮਕਾ ਗਏ ਸਨ, ਜਿਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਜਦੋਂ ਉਹ ਵਾਪਸ ਦਿੱਲੀ ਜਾ ਰਹੇ ਸਨ ਤਾਂ ਇਹ ਵਿਵਾਦ ਹੋ ਗਿਆ। ਗੋਡਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਨੇ ਹੇਮੰਤ ਸੋਰੇਨ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪੀੜਤ ਪਰਿਵਾਰ ਨੂੰ ਮਿਲਣ ਗਏ ਤਾਂ ਤੁਸੀਂ ਇੰਨੇ ਪਰੇਸ਼ਾਨ ਹੋ ਗਏ ਕਿ ਪੇਡ ਸਿਸਟਮ ਸਾਨੂੰ ਗਾਲ੍ਹਾਂ ਕੱਢਣ ਲੱਗਾ। ਝਾਰਖੰਡ ਦੇ ਇਸਲਾਮੀਕਰਨ ਤੋਂ ਪੀੜਤ ਪਰਿਵਾਰ ਲਈ ਇਨਸਾਫ਼ ਦੀ ਲੜਾਈ ਕੇਸ-ਮੁਕਦਮੇ ਨਾਲ ਬੰਦ ਨਹੀਂ ਹੋਵੇਗੀ।

ਡੀ. ਸੀ. ਨੇ ਪੁੱਛਿਆ- ਕਦੋਂ ਚੇਅਰਮੈਨ ਬਣੇ, ਐੱਮ. ਪੀ. ਨੇ ਟਵੀਟ ਡਿਲੀਟ ਕੀਤਾ

ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਏਅਰਪੋਰਟ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਹਨ। ਉਨ੍ਹਾਂ ਨੂੰ ਅੰਦਰ ਜਾਣ ਦਾ ਅਧਿਕਾਰ ਹੈ। ਇਸ ’ਤੇ ਦੇਵਘਰ ਦੇ ਡੀ. ਸੀ. ਮੰਜੂਨਾਥ ਭਜੰਤਰੀ ਨੇ ਰੀ-ਟਵੀਟ ਕਰ ਕੇ ਸਵਾਲ ਕੀਤਾ ਕਿ ਕਦੋਂ ਬਣੇ ਹੋ। ਤੁਹਾਡੇ ਚੇਅਰਮੈਨ ਬਣਨ ਬਾਰੇ ਮੈਨੂੰ ਤਾਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕੀ ਤੁਹਾਨੂੰ ਅਤੇ ਤੁਹਾਡੇ ਪੁੱਤਰਾਂ ਨੂੰ ਏ. ਟੀ. ਸੀ. ਅੰਦਰ ਦੀ ਇਜਾਜ਼ਤ ਹੈ? ਇਸ ਤੋਂ ਬਾਅਦ ਸੰਸਦ ਮੈਂਬਰ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ।


author

Rakesh

Content Editor

Related News