ਭਾਜਪਾ ਨੇਤਾ ਦੇ ਸਰਕਾਰੀ ਗਨਰ ਦੀ ਗੋਲੀ ਲੱਗਣ ਨਾਲ ਮੌਤ, ਪੁਲਸ ਮਹਿਕਮੇ ''ਚ ਸਨਸਨੀ
Sunday, Sep 08, 2024 - 12:12 PM (IST)

ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਚ ਭਾਜਪਾ ਨੇਤਾ ਮਨੋਜ ਸਿੰਘ ਦੇ ਸਰਕਾਰੀ ਗਨਰ ਦੀ ਐਤਵਾਰ ਸ਼ੱਕੀ ਹਲਾਤਾਂ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਵਧੀਕ ਪੁਲਸ ਸੁਪਰਡੈਂਟ (SP) ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਬਰਸਠੀ ਥਾਣਾ ਖੇਤਰ ਦੇ ਬਬੁਰੀ ਪਿੰਡ ਵਾਸੀ ਮਨੋਜ ਸਿੰਘ ਦੀ ਸੁਰੱਖਿਆ ਵਿਚ ਤਾਇਨਾਤ ਗਨਰ ਰਤਨੇਸ਼ ਪ੍ਰਜਾਪਤੀ (30) ਐਤਵਾਰ ਤੜਕੇ ਗੋਲੀ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਵਧੀਕ SP ਮੁਤਾਬਕ ਅਜਿਹਾ ਖ਼ਦਸ਼ਾ ਹੈ ਕਿ ਗਨਰ ਆਪਣੀ ਬੰਦੂਕ ਸਾਫ਼ ਕਰ ਰਿਹਾ ਸੀ, ਤਾਂ ਅਚਾਨਕ ਗੋਲੀ ਚੱਲ ਗਈ ਅਤੇ ਉਸ ਨੂੰ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਖ਼ਬਰ ਮਿਲਦੇ ਹੀ ਪੁਲਸ ਸੁਪਰਡੈਂਟ ਅਜੇਪਾਲ ਸ਼ਰਮਾ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਅਧਿਕਾਰੀ ਮੁਤਾਬਕ ਪੁਲਸ ਨੇ ਗਨਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਭਾਜਪਾ ਨੇਤਾ ਮਨੋਜ ਸਿੰਘ ਇਲਾਹਾਬਾਦ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸੰਘ ਉਪ ਪ੍ਰਧਾਨ ਹਨ। ਉਹ 2020 ਵਿਚ ਹੋਏ ਮਲਹਨੀ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਭਾਜਰਾ ਦੇ ਉਮੀਦਵਾਰ ਸਨ।