ਪੱਛਮੀ ਬੰਗਾਲ ''ਚ ਭਾਜਪਾ ਨੇਤਾ ਦੀ ਲਾਸ਼ ਘਰ ਕੋਲ ਲਟਕਦੀ ਮਿਲੀ
Monday, Jul 13, 2020 - 11:27 AM (IST)
ਕੋਲਕਾਤਾ- ਸੀਨੀਅਰ ਭਾਜਪਾ ਨੇਤਾ ਦੀਬੇਂਦਰ ਨਾਥ ਰੇ ਦੀ ਲਾਸ਼ ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ 'ਚ ਸਥਿਤ ਉਨ੍ਹਾਂ ਦੇ ਘਰ ਕੋਲ ਸੋਮਵਾਰ ਸਵੇਰੇ ਲਟਕੀ ਮਿਲੀ। ਪੱਛਮੀ ਬੰਗਾਲ ਭਾਜਪਾ ਇਸ ਨੂੰ ਕਤਲ ਦੱਸ ਰਹੀ ਹੈ। ਭਾਜਪਾ ਮੀਡੀਆ ਸੈੱਲ ਦੇ ਹੈੱਡ ਅਮਿਤ ਮਾਲਵੀਏ ਨੇ ਇਸ ਨਾਲ ਜੁੜੇ ਟਵੀਟ ਨੂੰ ਰੀਟਵੀਟ ਕੀਤਾ, ਜਿਸ 'ਚ ਕਿਹਾ ਗਿਆ ਹੈ ਕਿ ਦੇਵੇਂਦਰ ਨਾਥ ਰੇ ਦੀ ਲਾਸ਼ ਉਨ੍ਹਾਂ ਦੇ ਪਿੰਡ 'ਚ ਘਰ ਕੋਲ ਲਟਕੀ ਮਿਲੀ। ਲੋਕਾਂ ਦਾ ਕਹਿਣਾ ਹੈ ਕਿ ਪਹਿਲੇ ਉਨ੍ਹਾਂ ਨੂੰ ਮਾਰਿਆ ਗਿਆ ਅਤੇ ਫਿਰ ਲਟਕਾ ਦਿੱਤਾ ਗਿਆ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਦੁਕਾਨ ਦੇ ਬਾਹਰ ਭਾਜਪਾ ਨੇਤਾ ਦੇਵੇਂਦਰ ਦੀ ਲਾਸ਼ ਲਟਕੀ ਦੇਖੀ ਜਾ ਸਕਦੀ ਹੈ।
ਦੇਵੇਂਦਰ ਨਾਥ ਪਿਛਲੇ ਸਾਲ ਦੀ ਸੀ.ਪੀ.ਐੱਮ. ਤੋਂ ਭਾਜਪਾ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਮੈਂਬਰਤਾ ਲਈ ਸੀ। ਭਾਜਪਾ ਨੇਤਾ ਰਾਹੁਲ ਸਿਨਹਾ ਨੇ ਟੀ.ਐੱਮ.ਸੀ. 'ਤੇ ਕਤਲ ਦਾ ਦੋਸ਼ ਲਗਾਉਂਦੇ ਹੋਏ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਜਪਾ ਵਿਧਾਇਕ ਦੇਵੇਂਦਰ ਨਾਥ ਰੇ ਦੇ ਕਤਲ ਦੀ ਸੀ.ਬੀ.ਆਈ। ਜਾਂਚ ਦੀ ਮੰਗ ਕਰਦੇ ਹਾਂ। ਤ੍ਰਿਣਮੂਲ ਕਾਂਗਰਸ ਇਸ ਕਤਲ ਦੇ ਪਿੱਛੇ ਹੈ ਅਤੇ ਉਸ ਨੇ ਇਸ ਨੂੰ ਖੁਦਕੁਸ਼ੀ ਵਰਗਾ ਬਣਾ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂਕਰ ਦਿੱਤੀ ਹੈ। ਫਿਲਹਾਲ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਬੰਗਾਲ 'ਚ ਭਾਜਪਾ ਨੇਤਾ ਦੇ ਕਤਲ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ, ਆਏ ਦਿਨ ਭਾਜਪਾ ਨੇਤਾਵਾਂ ਦਾ ਕਤਲ ਹੁੰਦਾ ਰਹਿੰਦਾ ਹੈ ਪਰ ਪੁਲਸ ਕਾਤਲਾਂ 'ਤੇ ਲਗਭਗ ਨਾ ਦੇ ਬਰਾਬਰ ਹੀ ਕਾਰਵਾਈ ਕਰਦੀ ਹੈ।