ਭਾਜਪਾ ਨੇਤਾਵਾਂ ਨੇ ਚੀਨੀ ਦੂਤਘਰ ਦੇ ਬਾਹਰ ਲਗਾਏ ਪੋਸਟਰ, ਲਿਖਿਆ- ਵਧਾਈ ਹੋਵੇ ਤਾਈਵਾਨ
Saturday, Oct 10, 2020 - 11:51 AM (IST)
ਨੈਸ਼ਨਲ ਡੈਸਕ- ਡਰੈਗਨ ਦੀ ਨੱਕ 'ਚ ਦਮ ਕਰਨ ਵਾਲਾ ਛੋਟਾ ਜਿਹਾ ਦੇਸ਼ ਤਾਈਵਾਨ ਅੱਜ ਯਾਨੀ ਸ਼ਨੀਵਾਰ ਨੂੰ ਆਪਣਾ ਰਾਸ਼ਟਰੀ ਦਿਹਾੜਾ ਮਨ੍ਹਾ ਰਿਹਾ ਹੈ। ਅਜਿਹੇ 'ਚ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਚੀਨੀ ਦੂਤਘਰ ਦੇ ਬਾਹਰ ਕੁਝ ਪੋਸਟਰ ਚਿਪਕਾ ਦਿੱਤੇ ਗਏ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਤੇਜਿੰਦਰ ਪਾਲ ਬੱਗਾ ਵਲੋਂ ਚਿਪਕਾਏ ਗਏ ਇਨ੍ਹਾਂ ਪੋਸਟਰਾਂ 'ਤੇ ਅੰਗਰੇਜ਼ੀ 'ਚ ਲਿਖਿਆ ਸੀ ਤਾਈਵਾਨ ਹੈੱਪੀ ਨੈਸ਼ਨਲ ਡੇਅ 10 ਅਕਤੂਬਰ। ਬੱਗਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਨ੍ਹਾਂ ਪੋਸਟਰਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਭਾਜਪਾ ਨੇਤਾ ਕਪਿਲ ਮਿਸ਼ਰਾ ਅਤੇ ਦੂਜੇ ਨੇਤਾਵਾਂ ਨੇ ਵੀ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ। ਇਹ ਪੋਸਟਰ ਲਾਲ ਦੀ ਜਗ੍ਹਾ ਭਗਵਾ ਰੰਗ ਦੇ ਹਨ। ਬੀਤੀ ਰਾਤ ਨੂੰ ਇਨ੍ਹਾਂ ਪੋਸਟਰਾਂ ਨੂੰ ਚੀਨੀ ਦੂਤਘਰ ਦੇ ਬਾਹਰ ਲੱਗਾ ਦੇਖਿਆ ਗਿਆ ਅਤੇ ਹੇਠਾਂ ਤੇਜਿੰਦਰਪਾਲ ਬੱਗਾ ਦਾ ਨਾਂ ਲਿਖਿਆ ਹੋਇਆ ਸੀ।
ਦੱਸਣਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਅਭਿੰਨ ਹਿੱਸਾ ਮੰਨਦਾ ਹੈ ਅਤੇ ਭਾਰਤੀ ਮੀਡੀਆ ਨੂੰ ਨਸੀਹਤ ਦਿੰਦਾ ਰਿਹਾ ਹੈ ਕਿ ਤਾਈਵਾਨ ਨੂੰ ਵੱਖ ਦੇਸ਼ ਨਾ ਪੁਕਾਰੇ। ਦਰਅਸਲ ਤਾਈਵਾਨ ਅਤੇ ਚੀਨ ਦਰਮਿਆਨ ਹਾਲ ਦੇ ਦਿਨਾਂ 'ਚ ਤਣਾਅ ਆਪਣੇ ਸਿਖਰ 'ਤੇ ਚੱਲ ਰਿਹਾ ਹੈ। ਤਾਈਵਾਨ ਨੂੰ ਖ਼ੁਦ ਦੀ ਜਾਗੀਰ ਸਮਝਣ ਵਾਲਾ ਚੀਨ ਪਰੇਸ਼ਾਨ ਹੈ ਕਿ ਉਸ ਦੀ ਹਿਦਾਇਤ ਦੇ ਬਾਵਜੂਦ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਅਮਰੀਕਾ ਨਾਲ ਮੇਲ-ਜੋਲ ਕਿਉਂ ਵਧਾ ਰਹੀ ਹੈ? ਹੁਣ ਚੀਨ ਨੂੰ ਇਹ ਖਟਕਣ ਲੱਗਾ ਹੈ ਕਿ ਤਾਈਵਾਨ ਉਸ ਦੇ ਹੱਥੋਂ ਨਿਕਲ ਰਿਹਾ ਹੈ।