ਗੋਆ ’ਚ ਫਿਰਕੂ ਤਣਾਅ ਭੜਕਾ ਰਹੀ ਹੈ ਭਾਜਪਾ : ਰਾਹੁਲ
Sunday, Oct 06, 2024 - 09:45 PM (IST)
ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ’ਤੇ ਦੋਸ਼ ਲਾਇਆ ਹੈ ਉਹ ਗੋਆ ’ਚ ਜਾਣਬੁੱਝ ਕੇ ਫਿਰਕੂ ਤਣਾਅ ਭੜਕਾ ਰਹੀ ਹੈ। ਸੱਤਾਧਾਰੀ ਪਾਰਟੀ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਚੁਣੌਤੀ ਦਿੱਤੀ ਜਾਵੇਗੀ ਕਿਉਂਕਿ ਇਸ ਸੂਬੇ ਤੇ ਪੂਰੇ ਭਾਰਤ ਦੇ ਲੋਕ ਇਸ ਨੂੰ ਵੰਡਣ ਵਾਲੇ ਏਜੰਡੇ ਵਜੋਂ ਵੇਖ ਰਹੇ ਹਨ।
ਗਾਂਧੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਗੋਆ ਦੀ ਖਿੱਚ ਇਸ ਦੀ ਕੁਦਰਤੀ ਸੁੰਦਰਤਾ ਅਤੇ ਇਥੋਂ ਦੇ ਲੋਕਾਂ ਦੀ ਪ੍ਰਹੁਣਚਾਰੀ ਵਿਚ ਦਰਜ ਹੈ। ਬਦਕਿਸਮਤੀ ਨਾਲ ਭਾਜਪਾ ਦੇ ਰਾਜ ’ਚ ਇਸ ਸਦਭਾਵਨਾ ’ਤੇ ਹਮਲੇ ਹੋ ਰਹੇ ਹਨ। ਭਾਜਪਾ ਜਾਣਬੁੱਝ ਕੇ ਫਿਰਕੂ ਤਣਾਅ ਵਧਾ ਰਹੀ ਹੈ । ਆਰ. ਐੱਸ. ਐੱਸ. ਦਾ ਇਕ ਸਾਬਕਾ ਨੇਤਾ ਈਸਾਈਆਂ ਅਤੇ ਸੰਘ ਨਾਲ ਜੁੜੇ ਸੰਗਠਨਾਂ ਨੂੰ ਭੜਕਾ ਕੇ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦਾ ਸੱਦਾ ਦੇ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸੰਘ ਪਰਿਵਾਰ ਵੱਲੋਂ ਪੂਰੇ ਭਾਰਤ ’ਚ ਬਿਨਾਂ ਕਿਸੇ ਰੋਕ-ਟੋਕ ਦੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਕੋਈ ਐਕਸ਼ਨ ਨਹੀਂ ਲਿਅਾ ਜਾ ਰਿਹਾ। ਉਲਟਾ ਉਨ੍ਹਾਂ ਨੂੰ ਉੱਚ ਪੱਧਰ ਤੋਂ ਹਮਾਇਤ ਮਿਲ ਰਹੀ ਹੈ।
ਗਾਂਧੀ ਨੇ ਕਿਹਾ ਕਿ ਗੋਆ ’ਚ ਭਾਜਪਾ ਦੀ ਰਣਨੀਤੀ ਸਪੱਸ਼ਟ ਹੈ। ਗੈਰਕਾਨੂੰਨੀ ਢੰਗ ਨਾਲ ਹਰਿਤ ਜ਼ਮੀਨ ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਵੰਡਣਾ ਤੇ ਚੌਗਿਰਦੇ ਦੇ ਨਿਯਮਾਂ ਨੂੰ ਲਾਂਭੇ ਕਰ ਕੇ ਨਾਜ਼ੁਕ ਖੇਤਰਾਂ ਦਾ ਸ਼ੋਸ਼ਣ ਕਰਨਾ। ਇਹ ਗੋਆ ਦੀ ਕੁਦਰਤੀ ਅਤੇ ਸਮਾਜਿਕ ਵਿਰਾਸਤ ’ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਭਾਜਪਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਚੁਣੌਤੀ ਨਹੀਂ ਦਿੱਤੀ ਜਾਵੇਗੀ। ਗੋਆ ਤੇ ਪੂਰੇ ਭਾਰਤ ਦੇ ਲੋਕ ਇਸ ਫੁੱਟ ਪਾਊ ਏਜੰਡੇ ਨੂੰ ਵੇਖ ਰਹੇ ਹਨ ਅਤੇ ਇਕਜੁੱਟ ਹਨ।