ਆਤਿਸ਼ੀ ਦਾ BJP ''ਤੇ ਤੰਜ਼, ਲਾਇਆ ਇਹ ਵੱਡਾ ਦੋਸ਼
Wednesday, Dec 25, 2024 - 05:05 PM (IST)
ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਰਾਸ਼ਟਰੀ ਰਾਜਧਾਨੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਆਪ' ਮੁਖੀ ਅਰਵਿੰਦ ਕੇਜਰੀਵਾਲ ਦੇ ਨਵੀਂ ਦਿੱਲੀ ਚੋਣ ਖੇਤਰ ਵਿਚ ਔਰਤਾਂ ਨੂੰ ਨਕਦੀ ਵੰਡ ਰਹੀ ਹੈ। ਆਤਿਸ਼ੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਵਿੰਡਸਰ ਪਲੇਸ ਸਥਿਤ ਰਿਹਾਇਸ਼ 'ਤੇ ਝੁੱਗੀ-ਝੌਂਪੜੀਆਂ ਵਿਚ ਰਹਿਣ ਵਾਲੀਆਂ ਔਰਤਾਂ ਨੂੰ 1100-1100 ਰੁਪਏ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਵੋਟਰ ਆਈਡੀ ਦੀ ਜਾਣਕਾਰੀ ਵੀ ਦਰਜ ਕੀਤੀ ਗਈ।
ਓਧਰ ਵਰਮਾ ਨੇ ਆਤਿਸ਼ੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਇਹ ਰਾਸ਼ੀ ਉਨ੍ਹਾਂ ਦੇ ਸਵਰਗੀ ਪਿਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਵੱਲੋਂ ਗਠਿਤ ਗੈਰ ਸਰਕਾਰੀ ਸੰਗਠਨ ‘ਰਾਸ਼ਟਰੀ ਸਵਾਭਿਮਾਨ’ ਦੀ ਮੁਹਿੰਮ ਤਹਿਤ ਵੰਡੀ ਗਈ ਹੈ। ਆਤਿਸ਼ੀ ਨੇ ਕਿਹਾ ਕਿ ਮੈਂ ਦਿੱਲੀ ਪੁਲਸ, ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.), ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਤੋਂ ਉਨ੍ਹਾਂ ਦੇ ਬੰਗਲੇ 'ਤੇ ਛਾਪਾ ਮਾਰਨ ਦੀ ਮੰਗ ਕਰਦੀ ਹਾਂ ਜਿੱਥੇ ਕਰੋੜਾਂ ਰੁਪਏ ਰੱਖੇ ਗਏ ਹਨ।
ਵਰਮਾ ਨੇ ਇਕ ਬਿਆਨ ਵਿਚ ਕਿਹਾ ਕਿ ‘ਰਾਸ਼ਟਰੀ ਸਵਾਭਿਮਾਨ’ ਦੀ ਇਕ ਯੋਜਨਾ ਤਹਿਤ ਸਮਾਜ ਦੇ ਗਰੀਬ ਵਰਗ ਦੀਆਂ ਔਰਤਾਂ ਨੂੰ 1100 ਰੁਪਏ ਦੀ ਮਹੀਨੇਵਾਰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਵਰਮਾ ਨੇ ਕਿਹਾ ਕਿ ਮੈਂ ਔਰਤਾਂ ਦਾ ਦਰਦ ਦੇਖ ਰਿਹਾ ਹਾਂ ਜੋ ਅਰਵਿੰਦ ਕੇਜਰੀਵਾਲ 11 ਸਾਲਾਂ ਤੋਂ ਨਹੀਂ ਦੇਖ ਸਕੇ। ਉਹ ਚਿੰਤਤ ਸੀ… ਮੈਂ ਫੈਸਲਾ ਕੀਤਾ ਕਿ ਅਸੀਂ ਉਨ੍ਹਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਵਾਂਗੇ। ਘੱਟੋ-ਘੱਟ ਮੈਂ ਅਰਵਿੰਦ ਕੇਜਰੀਵਾਲ ਵਾਂਗ ਸ਼ਰਾਬ ਨਹੀਂ ਵੰਡ ਰਿਹਾ। ਮੈਨੂੰ ਖੁਸ਼ੀ ਹੈ ਕਿ ਮੈਂ ਲੋਕਾਂ ਦੀ ਮਦਦ ਕਰ ਰਿਹਾ ਹਾਂ।