ਰਾਜ ਸਭਾ ਦੀਆਂ 24 ਸੀਟਾਂ ਲਈ ਹੋਣ ਵਾਲੀਆਂ ਚੋਣਾਂ ’ਚ ਭਾਜਪਾ ਨੂੰ ਕੋਈ ਫਾਇਦਾ ਨਹੀਂ

Tuesday, May 26, 2026 - 11:29 PM (IST)

ਰਾਜ ਸਭਾ ਦੀਆਂ 24 ਸੀਟਾਂ ਲਈ ਹੋਣ ਵਾਲੀਆਂ ਚੋਣਾਂ ’ਚ ਭਾਜਪਾ ਨੂੰ ਕੋਈ ਫਾਇਦਾ ਨਹੀਂ

ਨੈਸ਼ਨਲ ਡੈਸਕ- ਰਾਜ ਸਭਾ ਦੀਆਂ 24 ਸੀਟਾਂ ਲਈ ਹੋਣ ਵਾਲੀਆਂ ਦੋ-ਸਾਲਾ ਚੋਣਾਂ ਦੇ ਮੌਜੂਦਾ ਦੌਰ ’ਚ ਭਾਜਪਾ ਦੀ ਗਿਣਤੀ ’ਚ ਕੋਈ ਖਾਸ ਸੁਧਾਰ ਹੋਣ ਦੀ ਉਮੀਦ ਨਹੀਂ ਹੈ। 24 ’ਚੋਂ 12 ਮੈਂਬਰ ਭਾਜਪਾ ਦੇ ਹਨ ਜੋ ਸੇਵਾਮੁਕਤ ਹੋ ਰਹੇ ਹਨ। ਪਾਰਟੀ 12 ਸੀਟਾਂ ਹੀ ਜਿੱਤ ਸਕੇਗੀ।

ਜੇ ਭਾਜਪਾ ਕਰਨਾਟਕ ’ਚ ਇਕ ਸੀਟ ਹਾਰ ਜਾਂਦੀ ਹੈ ਤਾਂ ਇਸ ਨੂੰ ਗੁਜਰਾਤ ’ਚ ਇਕ ਸੀਟ ਮਿਲੇਗੀ। ਭਾਜਪਾ ਤੇਲਗੂ ਦੇਸ਼ਮ ਨੂੰ ਰਾਜ ਸਭਾ ਦੀ ਸੀਟ ਦੇਣ ਲਈ ਕਹਿ ਸਕਦੀ ਹੈ, ਜੋ ਇਕ ਬੋਨਸ ਹੋ ਸਕਦੀ ਹੈ। ਰਾਜ ਸਭਾ ’ਚ ਭਾਜਪਾ ਦੀ ਮੌਜੂਦਾ ਤਾਕਤ 113 ਮੈਂਬਰਾਂ ਦੀ ਹੈ ਤੇ ਇਸ ਨੂੰ ਬਹੁਮਤ ਲਈ 122 ਸੀਟਾਂ ਦੀ ਲੋੜ ਹੈ, ਕਿਉਂਕਿ ਹਾਊਸ ’ਚ ਇਸ ਸਮੇਂ 243 ਮੈਂਬਰ ਹਨ।

ਭਾਜਪਾ 2028 ’ਚ ਆਪਣੇ ਦਮ ’ਤੇ ਰਾਜ ਸਭਾ ’ਚ ਬਹੁਮਤ ਹਾਸਲ ਕਰ ਸਕਦੀ ਹੈ, ਕਿਉਂਕਿ ਇਸ ਸਾਲ ਦੇ ਅੰਤ ’ਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ 12 ਸੀਟਾਂ ਲਈ ਚੋਣਾਂ ਹੋਣਗੀਆਂ। 2027 ’ਚ ਰਾਜ ਸਭਾ ਦੀਆਂ 4 ਸੀਟਾਂ ਲਈ ਚੋਣਾਂ ਹੋਣਗੀਆਂ। ਇਨ੍ਹਾਂ ’ਚੋਂ 3 ਕੇਰਲ ਦੀਆਂ ਤੇ ਇਕ ਪੁਡੂਚੇਰੀ ਦੀ ਹੈ। ਰਾਜ ਸਭਾ ’ਚ ਵਿਰੋਧੀ ਧੜੇ ’ਚ ਫੁੱਟ ਦਾ ਫਾਇਦਾ ਵੀ ਭਾਜਪਾ ਨੂੰ ਮਿਲ ਸਕਦਾ ਹੈ।

ਭਾਜਪਾ ਨੂੰ ਕੁਝ ਦਿਨ ਪਹਿਲਾਂ ਵੀ ਫਾਇਦਾ ਹੋਇਆ ਸੀ। ‘'ਆਪ’ ਦੇ 10 ’ਚੋਂ 7 ਸੰਸਦ ਮੈਂਬਰ ਇਸ ’ਚ ਸ਼ਾਮਲ ਹੋ ਗਏ ਸਨ। ਭਾਜਪਾ ਬੀਜਦ ਤੇ ਤ੍ਰਿਣਮੂਲ ਦੇ ਸੰਸਦ ਮੈਂਬਰਾਂ ਜਾਂ ਹੋਰ ਛੋਟੀਆਂ ਪਾਰਟੀਆਂ ਨੂੰ ਟਾਰਗੈੱਟ ਕਰ ਸਕਦੀ ਹੈ।

ਰਾਜਗ ਦੀ ਮੌਜੂਦਾ ਤਾਕਤ 144 ਹੈ, ਜੋ ਤੇਲਗੂ ਵਰਗੀਆਂ ਸਹਿਯੋਗੀ ਪਾਰਟੀਆਂ ਦੇ ਸ਼ਾਮਲ ਹੋਣ ਨਾਲ ਵਧ ਕੇ 147 ਹੋ ਜਾਵੇਗੀ। ਦੋ ਉਪ-ਚੋਣਾਂ ’ਚ ਰਾਜਗ ਮਹਾਰਾਸ਼ਟਰ ’ਚ ਇਕ ਸੀਟ ਬਰਕਰਾਰ ਰੱਖੇਗਾ ਪਰ ਤਾਮਿਲਨਾਡੂ ’ਚ ਦੂਜੀ ਸੀਟ ਗੁਆ ਦੇਵੇਗਾ। ਐੱਨ. ਸੀ. ਪੀ. ਆਪਣੀ ਸੀਟ ਬਰਕਰਾਰ ਰੱਖੇਗੀ ਪਰ ਅੰਨਾ ਡੀ. ਐੱਮ. ਕੇ. ਦੇ ਸੀ. ਵੀ. ਸ਼ਨਮੁਗਮ ਵਾਲੀ ਸੀਟ ਹੁਣ ਟੀ. ਵੀ. ਕੇ. ਨੂੰ ਜਾਵੇਗੀ।

ਕਾਂਗਰਸ ਦੇ 4 ਸੰਸਦ ਮੈਂਬਰ ਸੇਵਾਮੁਕਤ ਹੋ ਰਹੇ ਹਨ। ਇੰਨੀ ਗਿਣਤੀ ’ਚ ਹੋਰ ਵਾਪਸ ਆਉਣਗੇ। ਇਨ੍ਹਾਂ ’ਚ ਕਰਨਾਟਕ ਤੋਂ 2, ਮੱਧ ਪ੍ਰਦੇਸ਼ ਤੋਂ ਇਕ ਤੇ ਰਾਜਸਥਾਨ ਤੋਂ ਇਕ ਸ਼ਾਮਲ ਹੈ। ਕਾਂਗਰਸ ਦੇ ਕੁਲ 29 ਮੈਂਬਰ ਹਨ।


author

Rakesh

Content Editor

Related News