ਹਿਮਾਚਲ ’ਚ ‘ਲੁੱਟ ਅਤੇ ਝੂਠ ਦੀ ਸਰਕਾਰ’, ਰਾਹੁਲ ਵਲੋਂ ਚੁੱਕੇ ਮੁੱਦਿਆਂ ਤੋਂ ਘਬਰਾਈ ਭਾਜਪਾ: ਸੁਰਜੇਵਾਲਾ
Tuesday, Nov 08, 2022 - 04:36 PM (IST)
ਸ਼ਿਮਲਾ- ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ‘ਬੇਰੁਜ਼ਗਾਰ, ਮਹਿੰਗਾਈ ਅਤੇ ਲੁੱਟ ਦੀ ਸਰਕਾਰ’ ਕਰਾਰ ਦਿੱਤਾ। ਕਾਂਗਰਸ ਨੇ ਕਿਹਾ ਕਿ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਜ਼ਰੀਏ ਰਾਹੁਲ ਗਾਂਧੀ ਜੋ ਮੁੱਦੇ ਚੁੱਕ ਰਹੇ ਹਨ, ਉਨ੍ਹਾਂ ਦੀ ਗੂੰਜ ਹਿਮਾਚਲ ’ਚ ਸੁਣਾਈ ਪੈ ਰਹੀ ਹੈ, ਜਿਸ ਨਾਲ ਭਾਜਪਾ ਪਾਰਟੀ ਘਬਰਾਈ ਹੋਈ ਹੈ। ਪਾਰਟੀ ਦੇ ਸੀਨੀਅਰ ਨੇਤਾ ਰਣਦੀਪ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਜੈਰਾਮ ਠਾਕੁਰ ਦੇਸ਼ ਦੇ ਸਭ ਤੋਂ ‘ਭ੍ਰਿਸ਼ਟ ਮੁੱਖ ਮੰਤਰੀ’ ਅਤੇ ਇਕ ਫੇਲ੍ਹ ਸਰਕਾਰ ਦੇ ਮੁਖੀਆ ਹਨ, ਜਿਨ੍ਹਾਂ ਨੂੰ ਸੂਬੇ ਦੀ ਜਨਤਾ ਇਸ ਚੋਣਾਵੀ ਪ੍ਰੀਖਿਆ ’ਚ ਨਕਾਰ ਦੇਵੇਗੀ।
ਇਹ ਪੁੱਛੇ ਜਾਣ ’ਤੇ ਕਿ ਕੀ ਰਾਹੁਲ ਗਾਂਧੀ ਹਿਮਾਚਲ ਪ੍ਰਦੇਸ਼ ’ਚ ਪ੍ਰਚਾਰ ਕਰਨਗੇ ਤਾਂ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਜਨਤਾ ਦੇ ਆਸ਼ੀਰਵਾਦ ਨਾਲ ਕਾਂਗਰਸ ਦੀ ਸਰਕਾਰ ਦਾ ਗਠਨ ਹੋਵੇਗਾ ਤਾਂ ਰਾਹੁਲ ਗਾਂਧੀ ਜੀ ਉਸ ’ਚ ਸ਼ਿਰਕਤ ਕਰਨਗੇ ਅਤੇ ਆਪਣਾ ਆਸ਼ੀਰਵਾਦ ਦੇਣਗੇ। ਉਨ੍ਹਾਂ ਕਿਹਾ ਕਿ ਰਾਹੁਲ ਜੀ ਇਕ ਨਵੀਂ ਅਲਖ਼ ਜਗਾਉਣ ਲਈ 3570 ਕਿਲੋਮੀਟਰ ਦੀ ਯਾਤਰਾ ਕਰ ਰਹੇ ਹਨ।
ਭਾਜਪਾ ਉਨ੍ਹਾਂ ਸਾਰੇ ਮੁੱਦਿਆਂ ਤੋਂ ਘਬਰਾਈ ਅਤੇ ਡਰੀ ਹੋਈ ਹੈ, ਜੋ ਰਾਹੁਲ ਗਾਂਧੀ ਚੁੱਕ ਰਹੇ ਹਨ। ਇਨ੍ਹਾਂ ਮੁੱਦਿਆਂ ਦੀ ਗੂੰਜ ਹਿਮਾਚਲ ਪ੍ਰਦੇਸ਼ ਵਿਚ ਹੈ। ਇਕ ਸਵਾਲ ਦੇ ਜਵਾਬ ’ਚ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਕਾਂਗਰਸ ਹਿਮਾਚਲ ਪ੍ਰਦੇਸ਼ ਵਿਚ ਦੋ ਤਿਹਾਈ ਬਹੁਮਤ ਵੱਲ ਵੱਧ ਰਹੀ ਹੈ। ਮੁੱਖ ਮੰਤਰੀ ਅਤੇ ਭਾਜਪਾ ਦੇ ਕਈ ਮੰਤਰੀਆਂ ਨੂੰ ਆਪਣੀ ਸੀਟ ਬਚਾਉਣੀ ਵੀ ਮੁਸ਼ਕਲ ਹੋ ਜਾਵੇਗੀ।