ਇੰਦੌਰ ''ਚ ਪਾਣੀ ਨਹੀਂ ''ਜ਼ਹਿਰ ਵੰਡਣ'' ਦੇ ਮੁੱਦੇ ''ਤੇ ਵੀ ਚੁੱਪ ਹਨ PM ਮੋਦੀ : ਰਾਹੁਲ ਗਾਂਧੀ
Friday, Jan 02, 2026 - 02:56 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦੇ ਇੰਦੌਰ 'ਚ ਨਾਗਰਿਕਾਂ ਨੂੰ 'ਜ਼ਹਿਰੀਲੇ ਪਾਣੀ' ਦੀ ਸਪਲਾਈ ਕਰਨ 'ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਇਸ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਆਖ਼ਰ ਉਹ ਅਜਿਹੇ ਸੰਵੇਦਨਸ਼ੀਲ ਮੁੱਦਿਆਂ 'ਤੇ ਚੁੱਪੀ ਕਿਉਂ ਨਹੀਂ ਤੋੜਦੇ ਹਨ। ਉਨ੍ਹਾਂ ਕਿਹਾ ਕਿ ਸ਼ੁੱਧ ਪੀਣ ਵਾਲਾ ਪਾਣੀ ਜਨਤਾ ਦਾ ਅਧਿਕਾਰ ਹੈ ਪਰ ਭਾਜਪਾ ਦੀ ਲਾਪਰਵਾਹ ਸਰਕਾਰ ਲੋਕਾਂ ਨੂੰ 'ਜ਼ਹਿਰੀਲਾ ਪਾਣੀ' ਵੰਡ ਰਹੀ ਹੈ। ਪੀੜਤ ਪਰਿਵਾਰਾਂ ਨੂੰ ਹਮਦਰਦੀ ਦੇਣ ਦੀ ਬਜਾਏ ਭਾਜਪਾ ਆਗੂ ਹੰਕਾਰੀ ਬਿਆਨ ਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਇਸ ਗੰਭੀਰ ਅਤੇ ਬੇਹੱਦ ਸੰਵੇਦਨਸ਼ੀਲ ਮੁੱਦੇ 'ਤੇ ਵੀ ਸ਼ਾਂਤ ਹਨ ਅਤੇ ਕੁਝ ਨਹੀਂ ਬੋਲ ਰਹੇ ਹਨ।

ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਇੰਦੌਰ 'ਚ ਪਾਣੀ ਨਹੀਂ, ਜ਼ਹਿਰ ਵੰਡਿਆ ਗਿਆ ਹੈ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ 'ਚ ਰਹੀ। ਘਰ-ਘਰ ਮਾਤਮ ਹੈ, ਗਰੀਬ ਬੇਬੱਸ ਹੈ ਅਤੇ ਉੱਪਰੋਂ ਭਾਜਪਾ ਆਗੂਆਂ ਦੇ ਹੰਕਾਰੀ ਬਿਆਨ। ਜਿਨ੍ਹਾਂ ਦੇ ਘਰ ਚੁੱਲ੍ਹੇ ਬੁਝ ਗਏ ਹਨ, ਉਨ੍ਹਾਂ ਨੂੰ ਦਿਲਾਸਾ ਚਾਹੀਦਾ ਸੀ ਪਰ ਸਰਕਾਰ ਨੇ ਘਮੰਡ ਪਰੋਸ ਦਿੱਤਾ।'' ਉਨ੍ਹਾਂ ਸਵਾਲ ਕੀਤਾ,''ਇੰਦੌਰ ਦੇ ਲੋਕਾਂ ਨੇ ਵਾਰ-ਵਾਰ ਗੰਦੇ ਅਤੇ ਬੱਦਬੂਦਾਰ ਪਾਣੀ ਦੀ ਸਪਲਾਈ ਦੀ ਸ਼ਿਕਾਇਤ ਕੀਤੀ, ਫਿਰ ਵੀ ਸੁਣਵਾਈ ਕਿਉਂ ਨਹੀਂ ਹੋਈ। ਸੀਵਰ ਦੀ ਗੰਦਗੀ ਪੀਣ ਦੇ ਪਾਣੀ 'ਚ ਕਿਵੇਂ ਮਿਲੀ। ਸਮੇਂ ਰਹਿੰਦੇ ਪਾਣੀ ਦੀ ਸਪਲਾਈ ਬੰਦ ਕਿਉਂ ਨਹੀਂ ਹੋਈ ਅਤੇ ਜ਼ਿੰਮੇਵਾਰ ਅਫ਼ਸਰਾਂ ਅਤੇ ਆਗੂਆਂ 'ਤੇ ਕਾਰਵਾਈ ਕਦੋਂ ਹੋਵੇਗੀ। ਇਹ 'ਫੋਕਟ' ਦੇ ਸਵਾਲ ਨਹੀਂ- ਇਹ ਜਵਾਬਦੇਹੀ ਦੀ ਮੰਗ ਹੈ। ਸਾਫ਼ ਪਾਣੀ ਅਹਿਸਾਨ ਨਹੀਂ, ਜੀਵਨ ਦਾ ਅਧਿਕਾਰ ਹੈ ਅਤੇ ਇਸ ਅਧਿਕਾਰ ਦੇ ਕਤਲ ਲਈ ਭਾਜਪਾ ਦਾ ਡਬਲ ਇੰਜਣ, ਉਸ ਦਾ ਲਾਪਰਵਾਹ ਪ੍ਰਸ਼ਾਸਨ ਅਤੇ ਸੰਵੇਦਨਹੀਣ ਲੀਡਰਸ਼ਿਪ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।'' ਕਾਂਗਰਸ ਆਗੂ ਨੇ ਕਿਹਾ 'ਮੱਧ ਪ੍ਰਦੇਸ਼ ਹੁਣ ਕੁਪ੍ਰਸ਼ਾਸਨ ਦਾ ਕੇਂਦਰ ਬਣ ਚੁੱਕਾ ਹੈ। ਕਿਤੇ ਖੰਘ ਦੀ ਸਿਰਪ ਨਾਲ ਮੌਤਾਂ, ਕਿਤੇ ਸਰਕਾਰੀ ਹਸਪਤਾਲ 'ਚ ਬੱਚਿਆਂ ਦੀ ਜਾਨ ਲੈਣ ਵਾਲੇ ਚੂਹੇ ਅਤੇ ਹੁਣ ਸੀਵਰ ਮਿਲਿਆ ਪਾਣੀ ਪੀ ਕੇ ਮੌਤਾਂ ਅਤੇ ਜਦੋਂ-ਜਦੋਂ ਗਰੀਬ ਮਰਦੇ ਹਨ, ਮੋਦੀ ਜੀ ਹਮੇਸ਼ਾ ਦੀ ਤਰ੍ਹਾਂ ਚੁੱਪ ਰਹਿੰਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
