ਬੇਨਾਮੀ ਜਾਇਦਾਦ ਨਾਲ ਹੀ ਲੋਕ ਸਭਾ ਚੋਣਾਂ ਜਿੱਤੀ ਹੈ ਭਾਜਪਾ : ਮਾਇਆਵਤੀ
Friday, Jul 19, 2019 - 10:12 AM (IST)

ਲਖਨਊ— ਨੋਇਡਾ 'ਚ ਆਪਣੇ ਭਰਾ ਦੀ ਕਥਿਤ ਬੇਨਾਮੀ ਜਾਇਦਾਦ ਜ਼ਬਤ ਕੀਤੇ ਜਾਣ ਤੋਂ ਨਾਰਾਜ਼ ਬਸਪਾ ਸੁਪਰੀਮੋ ਮਾਇਆਵਤੀ ਨੇ ਕੇਂਦਰ 'ਚ ਸੱਤਾਧਾਰੀ ਭਾਜਪਾ 'ਤੇ ਬੇਹੱਦ ਤਿੱਖੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਪਾਰਟੀ ਨੇ ਲੋਕ ਸਭਾ ਚੋਣਾਂ ਬੇਨਾਮੀ ਜਾਇਦਾਦ ਰਾਹੀਂ ਹੀ ਜਿੱਤੀਆਂ ਹਨ ਅਤੇ ਉਸ ਨੂੰ ਸਭ ਤੋਂ ਪਹਿਲਾਂ ਇਸ ਦਾ ਖੁਲਾਸਾ ਕਰਨਾ ਚਾਹੀਦਾ। ਮਾਇਆਵਤੀ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਜਦੋਂ ਦਲਿਤ ਅਤੇ ਵਾਂਝੇ ਵਰਗ ਦਾ ਕੋਈ ਵਿਅਕਤੀ ਤਰੱਕੀ ਹਾਸਲ ਕਰਦਾ ਹੈ ਤਾਂ ਭਾਜਪਾ ਦੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਫਿਰ ਉਹ ਸੱਤਾ ਅਤੇ ਸਰਕਾਰੀ ਮਸ਼ੀਨਰੀ ਦੀ ਗਲਤ ਵਰਤੋਂ ਕਰ ਕੇ ਆਪਣੇ ਵਲੋਂ ਜਾਤੀਵਾਦੀ ਗੁੱਸਾ ਕੱਢਦੇ ਹਨ। ਉਨ੍ਹਾਂ ਦਾ ਇਸ਼ਾਰਾ ਆਪਣੇ ਭਰਾ ਬਸਪਾ ਉੱਪ ਪ੍ਰਧਾਨ ਆਨੰਦ ਕੁਮਾਰ ਵੱਲ ਸੀ, ਜਿਨ੍ਹਾਂ ਦਾ ਨੋਇਡਾ ਸਥਿਤ 400 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਆਮਦਨ ਟੈਕਸ ਵਿਭਾਗ ਨੇ ਜ਼ਬਤ ਕਰ ਲਈ ਹੈ।
ਮਾਇਆਵਤੀ ਨੇ ਦਾਅਵਾ ਕੀਤਾ ਕਿ ਹਾਲ 'ਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਖਾਤੇ 'ਚ 2 ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਰਕਮ ਜਮ੍ਹਾ ਹੋਈ, ਜਿਸ ਦਾ ਖੁਲਾਸਾ ਅੱਜ ਤੱਕ ਨਹੀਂ ਕੀਤਾ ਗਿਆ। ਕੀ ਇਹ ਬੇਨਾਮੀ ਜਾਇਦਾਦ ਨਹੀਂ ਹੈ? ਇਸ ਦਾ ਵੀ ਖੁਲਾਸਾ ਹੋਣਾ ਚਾਹੀਦਾ ਅਤੇ ਪੂਰੇ ਦੇਸ਼ ਨੂੰ ਪਤਾ ਹੋਣਾ ਚਾਹੀਦਾ। ਮਾਇਆਵਤੀ ਨੇ ਕਿਹਾ,''ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੂੰ ਛੱਡ ਦਿਓ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਐਂਡ ਕੰਪਨੀ ਦੀ ਜੋ ਸਰਕਾਰ ਹੈ, ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਉਨ੍ਹਾਂ ਦੇ ਸੱਤਾ 'ਚ ਆਉਣ ਤੋਂ ਬਾਅਦ ਅਰਬਾਂ-ਖਰਬਾਂ ਦੀ ਜਾਇਦਾਦ ਉਨ੍ਹਾਂ ਦੀ ਪਾਰਟੀ ਦੇ ਦਫ਼ਤਰਾਂ ਲਈ ਕਿੱਥੋਂ ਆਈ, ਉਸ ਦਾ ਵੀ ਖੁਲਾਸਾ ਹੋਣਾ ਚਾਹੀਦਾ। ਕੀ ਇਹ ਬੇਨਾਮੀ ਪੈਸੇ ਨਾਲ ਖਰੀਦੀ ਗਈ ਜਾਇਦਾਦ ਨਹੀਂ ਹੈ?''