ਜਨਮਦਿਨ ''ਤੇ ਵਿਸ਼ੇਸ਼: ਜਾਣੋ ਮਿਜ਼ਾਇਲ ਮੈਨ ''ਅਬਦੁਲ ਕਲਾਮ'' ਦੀ ਜ਼ਿੰਦਗੀ ਬਾਰੇ ਕੁਝ ਰੌਚਕ ਗੱਲਾਂ
Friday, Oct 15, 2021 - 12:23 PM (IST)
 
            
            ਨਵੀਂ ਦਿੱਲੀ- ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਭਾਰਤ ਦੇ ਮਿਜ਼ਾਇਲ ਮੈਨ ਕਹਾਉਣ ਵਾਲੇ ਡਾ. ਏ.ਪੀ.ਜੇ ਅਬਦੁਲ ਕਲਾਮ ਦਾ ਅੱਜ ਜਨਮ ਦਿਨ ਹੈ। ਸਾਲ 2002 ‘ਚ ਉਹ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਦਾ ਜਨਮ 15 ਅਕਤੂਬਰ, 1931 ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ ‘ਚ ਮੱਧਵਰਗੀ ਮੁਸਲਿਮ ਅੰਸਾਰ ਪਰਿਵਾਰ ‘ਚ ਹੋਇਆ ਸੀ। ਅਬਦੁਲ ਕਲਾਮ ਦੇ ਪਿਤਾ ਨਾਵਿਕ ਦਾ ਕੰਮ ਕਰਦੇ ਸਨ ਅਤੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ। ਉਹ ਮਛੇਰਿਆਂ ਨੂੰ ਕਿਸ਼ਤੀਆਂ ਕਿਰਾਏ ‘ਤੇ ਦਿੰਦੇ ਸਨ। ਅਬਦੁਲ ਕਲਾਮ ਦਾ ਬਚਪਨ ਗਰੀਬੀ ਅਤੇ ਸੰਘਰਸ਼ ‘ਚੋਂ ਲੰਘਿਆ ਸੀ। ਪੰਜ ਭਰਾ ਅਤੇ ਪੰਜ ਭੈਣਾਂ ਦੇ ਪਰਿਵਾਰ ਨੂੰ ਚਲਾਉਣ ਲਈ ਉਨ੍ਹਾਂ ਦੇ ਪਿਤਾ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਸੀ। ਅਜਿਹੇ ‘ਚ ਹੋਣਹਾਰ ਅਤੇ ਹੁਸ਼ਿਆਰ ਅਬਦੁਲ ਕਲਾਮ ਨੂੰ ਆਪਣੀ ਸ਼ੁਰੂਆਤੀ ਸਿੱਖਿਆ ਜਾਰੀ ਰੱਖਣ ਲਈ ਅਖਬਾਰ ਵੇਚਣ ਦਾ ਕੰਮ ਕਰਨਾ ਪੈਂਦਾ ਸੀ। ਅੱਠ ਸਾਲ ਦੀ ਉਮਰ ‘ਚ ਹੀ ਕਲਾਮ ਸਵੇਰੇ ਚਾਰ ਵਜੇ ਉੱਠ ਜਾਂਦੇ ਸਨ। ਇਸ ਤੋਂ ਬਾਅਦ ਉਹ ਗਣਿਤ ਦੀ ਪੜ੍ਹਾਈ ਕਰਨ ਚਲੇ ਜਾਂਦੇ ਸਨ। ਟਿਊਸ਼ਨ ਤੋਂ ਬਾਅਦ ਉਹ ਸਿੱਧਾ ਰਾਮੇਸ਼ਵਰਮ ਰੇਲਵੇ ਸਟੇਸ਼ਨ ਜਾਂਦੇ ਅਤੇ ਬੱਸ ਅੱਡੇ ‘ਤੇ ਅਖਬਾਰ ਵੰਡਣ ਦਾ ਕੰਮ ਕਰਦੇ।

ਪੰਜਵੀਂ ਜਮਾਤ ‘ਚ ਅਧਿਆਪਕ ਤੋਂ ਮਿਲੀ ਪ੍ਰੇਰਣਾ
ਏਅਰੋਸਪੇਸ ਟੈਕਨਾਲੋਜੀ ‘ਚ ਆਉਣ ਦਾ ਕਾਰਨ ਡਾ. ਏ.ਪੀ.ਜੇ ਅਬਦੁਲ ਕਲਾਮ ਆਪਣੇ ਪੰਜਵੀਂ ਜਮਾਤ ਦੇ ਅਧਿਆਪਕ ਨੂੰ ਦੱਸਦੇ ਹਨ। ਉਹ ਕਹਿੰਦੇ ਹਨ ਕਿ ਇਕ ਦਿਨ ਕਲਾਸ ‘ਚ ਪੜ੍ਹਾਈ ਦੌਰਾਨ ਉਨ੍ਹਾਂ ਦੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਵਾਲ ਕੀਤਾ ਕਿ ਪੰਛੀ ਕਿਵੇਂ ਉੱਡਦੇ ਹਨ। ਕਲਾਸ ਦਾ ਕੋਈ ਵਿਦਿਆਰਥੀ ਇਸ ਸਵਾਲ ਦਾ ਜਵਾਬ ਨਾ ਦੇ ਸਕਿਆ। ਅਗਲੇ ਦਿਨ ਉਨ੍ਹਾਂ ਦੇ ਅਧਿਆਪਕ ਸਮੁੰਦਰ ਕੰਢੇ ‘ਤੇ ਲੈ ਗਏ। ਜਿੱਥੇ ਉੱਡਦੇ ਹੋਏ ਪੰਛੀਆਂ ਨੂੰ ਦਿਖਾ ਕੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਡਣ ਦਾ ਕਾਰਨ ਸਮਝਾਇਆ ਅਤੇ ਪੰਛੀਆਂ ਦੇ ਸਰੀਰ ਦੀ ਬਣਾਵਟ ਨੂੰ ਵੀ ਸਮਝਾਇਆ। ਇਨ੍ਹਾਂ ਪੰਛੀਆਂ ਨੂੰ ਦੇਖਕੇ ਕਲਾਮ ਨੇ ਤੈਅ ਕੀਤਾ ਕਿ ਉਹ ਭਵਿੱਖ ‘ਚ ਪੁਲਾੜ ਵਿਗਿਆਨ ‘ਚ ਜਾਣਗੇ। ਇਸ ਤੋਂ ਬਾਅਦ ਕਲਾਮ ਨੇ ਫਿਜ਼ਿਕਸ ਦੀ ਪੜ੍ਹਾਈ ਕਰਕੇ ਮਦਰਾਸ ਇੰਜੀਨੀਅਰਿੰਗ ਕਾਲਜ ਤੋਂ ਏਅਰੋਤਕਨਾਲੋਜੀ ‘ਚ ਪੜ੍ਹਾਈ ਕੀਤੀ।

ਅਬਦੁਲ ਕਲਾਮ ਦੇਸ਼ ਦੀਆਂ ਉਨ੍ਹਾਂ ਚੋਣਵੀਆਂ ਸ਼ਖਸੀਅਤਾਂ ‘ਚ ਸ਼ਾਮਲ ਹਨ ਜਿਨ੍ਹਾਂ ਦਾ ਪੂਰਾ ਜੀਵਨ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਨੌਜਵਾਨਾਂ ਦੀ ਟੀਚਾ ਪ੍ਰਾਪਤੀ ‘ਚ ਅੱਜ ਵੀ ਸਹਾਇਕ ਹਨ। ਉਨ੍ਹਾਂ ਨੇ ਹਮੇਸ਼ਾਂ ਬੱਚਿਆਂ ਨੂੰ ਸਿੱਖਿਆ ਦਿੱਤੀ ਕਿ ਜ਼ਿੰਦਗੀ ‘ਚ ਕਿਸੇ ਤਰ੍ਹਾਂ ਦੀ ਸਥਿਤੀ ਕਿਉਂ ਨਾ ਹੋਵੇ ਪਰ ਜਦੋਂ ਤੁਸੀਂ ਆਪਣੇ ਸੁਫ਼ਨਿਆਂ ਨੂੰ ਹਕੀਕਤ ‘ਚ ਬਦਲਣ ਦੀ ਠਾਣ ਲੈਂਦੇ ਹੋ ਤਾਂ ਉਨ੍ਹਾਂ ਨੂੰ ਪੂਰਾ ਕਰਕੇ ਹੀ ਦਮ ਲਓ।
ਅਬਦੁਲ ਕਲਾਮ ਨੇ ਕਰੀਬ ਚਾਰ ਦਹਾਕਿਆਂ ਤੱਕ ਇਕ ਸਾਇੰਟਿਸਟ ਦੇ ਤੌਰ ‘ਤੇ ਡੀ.ਆਰ.ਡੀ.ਓ. ਅਤੇ ਇਸਰੋ ਨੂੰ ਸੰਭਾਲਿਆ ਸੀ। ਬੈਲਿਸਟਿਕ ਮਿਜ਼ਾਇਲ ਅਤੇ ਤਕਨਾਲੋਜੀ ਦੇ ਵਿਕਾਸ ਕਾਰਜਾਂ ਲਈ ਭਾਰਤ ‘ਚ ਡਾ.ਏ.ਪੀ.ਜੇ ਅਬਦੁਲ ਕਲਾਮ ਨੂੰ ਮਿਜ਼ਾਇਲ ਮੈਨ ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ। ਸਾਲ 1962 ਚਕਲਾਮ ਇਸਰੋ ਪਹੁੰਚ ਗਏ। ਇੱਥੇ ਪ੍ਰੋਜੈਕਟ ਡਾਇਰੈਕਟਰ ਰਹਿੰਦਿਆਂ ਉਨ੍ਹਾਂ ਦੇ ਅੰਡਰ ਹੀ ਭਾਰਤ ਦਾ ਪਹਿਲਾਂ ਸਵਦੇਸ਼ੀ ਯਾਨ ਐੱਲ.ਐੱਲ.ਵੀ-3 ਲਾਂਚ ਕੀਤਾ ਗਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            