ਜਾਂਬਾਜ਼ ਜਨਰਲ ਨੂੰ ਨਮਨ; ਤਾਕਤਵਰ, ਬੇਬਾਕ ਅਤੇ ਨਿਡਰ ਜਨਰਲਾਂ ’ਚ ਸ਼ਾਮਲ ਸਨ ਬਿਪਿਨ ਰਾਵਤ
Thursday, Dec 09, 2021 - 10:28 AM (IST)
ਨਵੀਂ ਦਿੱਲੀ– ਫੌਜੀ ਪਰਿਵਾਰ ਦੇ ਪਿਛੋਕੜ ’ਚ ਪੈਦਾ ਹੋਏ ਫੌਜ ਦੇ ਸਾਬਕਾ ਮੁਖੀ ਤੇ ਦੇਸ਼ ਦੇ ਪਹਿਲੇ ਪ੍ਰਮੁੱਖ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ ਦੀ ਗਿਣਤੀ ਫੌਜ ਦੇ ਤਾਕਤਵਰ, ਬੇਬਾਕ ਤੇ ਨਿਡਰ ਜਨਰਲਾਂ ਵਿਚ ਕੀਤੀ ਜਾਂਦੀ ਸੀ। ਉੱਤਰਾਖੰਡ ਦੇ ਪੌੜੀ ਗੜਵਾਲ ਵਿਖੇ 16 ਮਾਰਚ, 1958 ਨੂੰ ਪੈਦਾ ਹੋਏ ਜਨਰਲ ਰਾਵਤ ਦਾ ਪੂਰਾ ਨਾਂ ਬਿਪਿਨ ਲਕਸ਼ਮਣ ਸਿੰਘ ਰਾਵਤ ਸੀ।
ਇਹ ਵੀ ਪੜ੍ਹੋ - ਤਾਮਿਲਨਾਡੂ ਹਾਦਸਾ: ਅੱਗ ਦੀਆਂ ਲਪਟਾਂ ’ਚ ਘਿਰਿਆ ਫ਼ੌਜ ਦਾ ਹੈਲੀਕਾਪਟਰ, ਤਸਵੀਰਾਂ ’ਚ ਵੇਖੋ ਭਿਆਨਕ ਮੰਜ਼ਰ
ਕਾਰਗਿਲ ਦੀ ਲੜਾਈ ’ਚ ਨਿਭਾਈ ਸੀ ਅਹਿਮ ਭੂਮਿਕਾ
ਰਾਵਤ ਨੇ ਫੌਜੀ ਸੁਧਾਰਾਂ ਤੋਂ ਲੈ ਕੇ ਫੌਜ ਨੂੰ ਚੁਸਤ ਬਣਾਉਣ ਅਤੇ ਉਸ ਦੀ ਮਾਰ ਕਰਨ ਦੀ ਸਮਰੱਥਾ ਵਧਾ ਕੇ ਸਰਹੱਦ ਪਾਰ ਜਾ ਕੇ ਅੱਤਵਾਦੀਆਂ ਵਿਰੁੱਧ ਫੌਜੀ ਕਾਰਵਾਈ ਤੇ ਕਾਰਗਿਲ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਪ੍ਰਮੁੱਖ ਰੱਖਿਆ ਮੁਖੀ ਰਹਿੰਦਿਆਂ ਭਾਰਤ ਨੇ ਪਿਛਲੇ ਸਾਲ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ਨੂੰ ਬਦਲਣ ਦੀ ਚੀਨ ਦੀ ਕੋਸ਼ਿਸ਼ ਦਾ ਕਰਾਰਾ ਜਵਾਬ ਦਿੱਤਾ ਸੀ। ਆਪਣੀ ਬੇਮਿਸਾਲ ਯੋਗਤਾ ਕਾਰਨ ਜਨਰਲ ਰਾਵਤ ਆਪਣੇ ਤੋਂ ਸੀਨੀਅਰ 2 ਅਧਿਕਾਰੀਆਂ ਨੂੰ ਪਿੱਛੇ ਛੱਡ ਕੇ ਫੌਜ ’ਚ ਸਰਵਉੱਚ ਰੈਂਕ ਜਨਰਲ ਤਕ ਪੁੱਜੇ। ਉਨ੍ਹਾਂ ਦੇ ਪਿਤਾ ਵੀ ਫੌਜ ਵਿਚ ਲੈਫਟੀਨੈਂਟ ਜਨਰਲ ਦੇ ਰੈਂਕ ਤੋਂ ਸੇਵਾਮੁਕਤ ਹੋਏ ਸਨ। ਜਨਰਲ ਰਾਵਤ 31 ਦਸੰਬਰ, 2016 ਤੋਂ 31 ਦਸੰਬਰ, 2019 ਤਕ ਫੌਜ ਦੇ ਮੁਖੀ ਰਹੇ।
ਇਹ ਵੀ ਪੜ੍ਹੋ - ਕੱਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮ੍ਰਿਤਕ ਦੇਹ ਲਿਆਂਦੀ ਜਾਵੇਗੀ ਦਿੱਲੀ, ਸ਼ੁੱਕਰਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ
ਸੇਵਾਮੁਕਤ ਹੋਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਪ੍ਰਮੁੱਖ ਰੱਖਿਆ ਮੁਖੀ ਨਿਯੁਕਤ ਕੀਤਾ ਗਿਆ। 1 ਜਨਵਰੀ, 2020 ਨੂੰ ਉਨ੍ਹਾਂ ਇਹ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤਿ ਵਸ਼ਿਸ਼ਟ ਸੇਵਾ ਮੈਡਲ, ਯੁੱਧ ਸੇਵਾ ਮੈਡਲ, ਸੈਨਾ ਮੈਡਲ ਤੇ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਗਿਆ। ਉਹ 63 ਸਾਲ ਦੇ ਸਨ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਦੇਸ਼ ਤੇ ਹਥਿਆਰਬੰਦ ਫੋਰਸਾਂ ਨੂੰ ਇਕ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ।
ਦੇਸ਼ ਨੇ ਗੁਆਇਆ ਜਾਂਬਾਜ਼ ਜਨਰਲ
ਤਾਮਿਲਨਾਡੂ ਦੇ ਕੁਨੂੰਰ ’ਚ ਬੁੱਧਵਾਰ ਨੂੰ ਹਵਾਈ ਫੌਜ ਦੇ ਹੈਲੀਕਾਪਟਰ ਦੇ ਕ੍ਰੈਸ਼ ਹੋਣ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਮੇਤ 13 ਲੋਕਾਂ ਦੀ ਮੌਤ ਨਾਲ ਪੂਰਾ ਦੇਸ਼ ਸਹਿਮ ਜਿਹਾ ਗਿਆ ਹੈ। ਇਸ ਹੈਲੀਕਾਪਟਰ ’ਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਆਪਣੇ ਸਟਾਫ, ਫੌਜ ਦੇ ਉੱਚ ਅਧਿਕਰੀਆਂ ਦੇ ਨਾਲ ਸਵਾਰ ਸਨ। ਸੀ. ਡੀ. ਐੱਸ. ਰਾਵਤ ਦੇ ਨਾਲ ਹੈਲੀਕਾਪਟਰ ’ਚ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ। ਜਨਰਲ ਰਾਵਤ ਪਹਿਲੀ ਜਨਵਰੀ 2020 ਨੂੰ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤੇ ਗਏ ਸਨ।
ਇਹ ਵੀ ਪੜ੍ਹੋ - ਹੈਲੀਕਾਪਟਰ ਹਾਦਸੇ 'ਚ ਵਰੁਣ ਸਿੰਘ ਦੀ ਬਚੀ ਜਾਨ, ਹਸਪਤਾਲ 'ਚ ਲੜ ਰਹੇ ਹਨ ਜ਼ਿੰਦਗੀ ਅਤੇ ਮੌਤ ਦੀ ਜੰਗ
ਹਾਦਸੇ ’ਚ ਬਚੇ ਗਰੁੱਪ ਕੈਪਟਨ ਵਰੁਣ ਸਿੰਘ
ਹੈਲੀਕਾਪਟਰ ਹਾਦਸੇ ’ਚ ਸਿਰਫ ਗਰੁੱਪ ਕੈਪਟਨ ਵਰੁਣ ਸਿੰਘ ਹੀ ਬਚੇ ਹਨ, ਜਿਨ੍ਹਾਂ ਨੂੰ ਜ਼ਖਮੀ ਹਾਲਤ ’ਚ ਵੇਲਿੰਗਟਨ ਦੇ ਮਿਲਟ੍ਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਗਰੁੱਪ ਕੈਪਟਨ ਵਰੁਣ ਵੇਲਿੰਗਟਨ (ਨੀਲਗਿਰੀ ਹਿਲਸ) ਸਥਿਤ ਡਿਫੈਂਸ ਸਰਵਿਸ ਸਟਾਫ ਕਾਲਜ ’ਚ ਡਾਇਰੈਕਟਿੰਗ ਸਟਾਫ ਹੈ।
ਇਹ ਵੀ ਪੜ੍ਹੋ - ਭਾਰਤ ’ਚ ਪਹਿਲਾਂ ਵੀ ਜਹਾਜ਼ ਹਾਦਸਿਆਂ ’ਚ ਜਾ ਚੁੱਕੀਆਂ ਹਨ ਕਈ ਮਹੱਤਵਪੂਰਨ ਲੋਕਾਂ ਦੀਆਂ ਜਾਨਾਂ
ਅੱਥਰੂ ਨਹੀਂ ਰੋਕ ਸਕੇ ਜਨਰਲ ਰਾਵਤ ਦੇ ਗੁਰੂ
ਦੇਸ਼ ਦੇ ਪ੍ਰਮੁੱਖ ਰੱਖਿਆ ਮੁਖੀ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਦਾ ਉੱਤਰ ਪ੍ਰਦੇਸ਼ ਦੇ ਮੇਰਠ ਨਾਲ ਡੂੰਘਾ ਵਿੱਦਿਅਕ ਨਾਤਾ ਰਿਹਾ ਹੈ। ਇੱਥੋਂ ਉਨ੍ਹਾਂ 2011 ਵਿਚ ਪੀਐੱਚ. ਡੀ. ਦੀ ਡਿਗਰੀ ਹਾਸਲ ਕੀਤੀ ਸੀ। ਉਨ੍ਹਾਂ ਦੇ ਗੁਰੂ ਤੇ ਪੀਐੱਚ. ਡੀ. ਦੇ ਗਾਈਡ ਰਹੇ ਪ੍ਰੋਫੈਸਰ ਹਰਬੀਰ ਸ਼ਰਮਾ ਨੇ ਬੁੱਧਵਾਰ ਜਦੋਂ ਆਪਣੇ ਜਾਂਬਾਜ਼ ਪੈਰੋਕਾਰ ਦੇ ਦਿਹਾਂਤ ਦੀ ਖਬਰ ਸੁਣੀ ਤਾਂ ਅੱਖਾਂ ਵਿਚ ਅੱਥਰੂ ਆਉਣ ਤੋਂ ਰੋਕ ਨਹੀਂ ਸਕੇ। ਜਨਰਲ ਰਾਵਤ ਨੇ ਫੌਜੀ ਮੀਡੀਆ ਰਣਨੀਤਕ ਅਧਿਐਨ ‘ਕਸ਼ਮੀਰ ਘਾਟੀ ਕਾ ਰਣਨੀਤਕ ਮੁਲਯਾਂਕਨ’ ਵਿਸ਼ੇ ’ਤੇ ਆਪਣਾ ਖੋਜ ਦਾ ਕੰਮ ਪ੍ਰੋਫੈਸਰ ਸ਼ਰਮਾ ਦੀ ਅਗਵਾਈ ਹੇਠ ਕੀਤਾ ਸੀ। ਸ਼ਾਮ ਨੂੰ ਜਨਰਲ ਰਾਵਤ ਦੇ ਦਿਹਾਂਤ ਦੀ ਖਬਰ ਨੇ 81 ਸਾਲ ਦੇ ਪ੍ਰੋਫੈਸਰ ਸ਼ਰਮਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਖਬਰ ਸੁਣਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਜੋ ਦੱਸ ਰਹੇ ਸਨ ਕਿ ਉਹ ਆਪਣੇ ਹੋਣਹਾਰ ਪੈਰੋਕਾਰ ’ਤੇ ਕਿੰਨਾ ਮਾਣ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਪੀ.ਐੱਚ. ਡੀ. ਦੌਰਾਨ ਜਨਰਲ ਰਾਵਤ ਦਿੱਲੀ ਹੈੱਡਕੁਆਰਟਰ ’ਚ ਮੇਜਰ ਜਨਰਲ ਦੇ ਅਹੁਦੇ ’ਤੇ ਤਾਇਨਾਤ ਸਨ। ਇੰਨੇ ਵੱਡੇ ਅਹੁਦੇ ’ਤੇ ਹੁੰਦਿਆਂ ਵੀ ਉਹ ਬੇਹੱਦ ਸਾਦਗੀ ਪਸੰਦ ਸਨ। ਖੋਜ ਕੰਮ ਸਬੰਧੀ ਉਨ੍ਹਾਂ ਦਾ ਅਕਸਰ ਗੁਰੂ ਦੇ ਘਰ ਆਉਣਾ-ਜਾਣਾ ਲੱਗਾ ਰਹਿੰਦਾ ਸੀ। ਕਈ ਵਾਰ ਉਨ੍ਹਾਂ ਨੂੰ ਆਪਣਾ ਖੋਜ-ਪੱਤਰ ਜਮ੍ਹਾ ਕਰਵਾਉਣ ਲਈ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ’ਚ ਵੀ ਜਾਣਾ ਪੈਂਦਾ ਸੀ। ਜਨਰਲ ਰਾਵਤ ਨਾਲ ਪਿਛਲੀ ਮੁਲਾਕਾਤ ਨੂੰ ਯਾਦ ਕਰਦਿਆਂ ਪ੍ਰੋਫੈਸਰ ਸ਼ਰਮਾ ਨੇ ਕਿਹਾ ਕਿ ਸੀ. ਡੀ. ਐੱਸ. ਬਣਨ ਪਿੱਛੋਂ ਵੀ ਉਹ ਮੇਰਠ ਛਾਉਣੀ ਆਏ ਸਨ। ਇਸ ਦੌਰਾਨ ਉਨ੍ਹਾਂ ਪੱਛਮੀ ਉੱਤਰ ਪ੍ਰਦੇਸ਼ ਸਬ-ਏਰੀਆ ਦੇ ਚੋਟੀੇ ਦੇ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ।