ਬਿਲਿਕਸ ਬਾਨੋ ਮਾਮਲਾ : SC ਦੋਸ਼ੀਆਂ ਨੂੰ ਮੁਆਫ਼ੀ ਦੇਣ ਖ਼ਿਲਾਫ਼ ਦਾਇਰ ਨਵੀਂ ਪਟੀਸ਼ਨ ''ਤੇ ਸੁਣਵਾਈ ਨੂੰ ਤਿਆਰ
Friday, Oct 21, 2022 - 02:50 PM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਸਾਲ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਿਕਸ ਬਾਨੋ ਨਾਲ ਸਮੂਹਿਕ ਜਬਰ ਜ਼ਿਨਾਹ ਅਤੇ ਉਸਦੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਮੁਆਫ਼ੀ ਦੇਣ ਖ਼ਿਲਾਫ਼ ਮਹਿਲਾ ਸੰਗਠਨ ਵਲੋਂ ਨਵੇਂ ਸਿਰੇ ਤੋਂ ਦਾਖ਼ੇਲ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਲਈ ਸਹਿਮਤ ਹੋ ਗਿਆ। ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਸੀ.ਟੀ. ਰਵੀਕੁਮਾਰ ਦੀ ਬੈਂਚ ਨੇ ਤਾਜ਼ਾ ਪਟੀਸ਼ਨ ਨੂੰ ਮੁੱਖ ਮਾਮਲੇ ਨਾਲ ਜੋੜਦੇ ਹੋਏ ਕਿਹਾ ਕਿ ਉਹ ਇਸ ਦੀ ਸੁਣਵਾਈ ਮੁੱਖ ਪਟੀਸ਼ਨ ਦੇ ਨਾਲ ਕਰੇਗਾ। ਸੁਪਰੀਮ ਕੋਰਟ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵਿਮੈਨ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ, ਜਿਸ 'ਚ ਬਿਲਿਕਸ ਬਾਨੋ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਦੇ ਫ਼ੈਸਲੇ ਦੀ ਚੁਣੌਤੀ ਦਿੱਤੀ ਗਈ ਹੈ।
ਅਦਾਲਤ ਨੇ 18 ਅਕਤੂਬਰ ਨੂੰ ਕਿਹਾ ਸੀ ਕਿ ਮੁਆਫ਼ੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਗੁਜਰਾਤ ਸਰਕਾਰ ਦਾ ਜਵਾਬ 'ਬਹੁਤ ਲੰਮਾ' ਸੀ ਜਿਸ 'ਚ ਕਈ ਫ਼ੈਸਲਿਆਂ ਦਾ ਹਵਾਲਾ ਦਿੱਤਾ ਗਿਆ ਸੀ ਪਰ ਤੱਥਾਂ ਦੇ ਬਿਆਨ ਗਾਇਬ ਸਨ। ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ ਗੁਜਰਾਤ ਸਰਕਾਰ ਦੇ ਹਲਫ਼ਨਾਮੇ 'ਤੇ ਜਵਾਬ ਦੇਣ ਦਾ ਸਮਾਂ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ ਕਰੇਗੀ। ਜ਼ਿਕਰਯੋਗ ਹੈ ਕਿ ਬਿਲਕਿਸ ਬਾਨੋ ਨਾਲ ਜਦੋਂ ਸਮੂਹਿਕ ਜਬਰ ਜ਼ਿਨਾਹ ਹੋਇਆ ਸੀ, ਉਸ ਸਮੇਂ ਉਸ ਦੀ ਉਮਰ 21 ਸਾਲ ਸੀ ਅਤੇ ਉਹ ਪੰਜ ਮਹੀਨਿਆਂ ਦੀ ਗਰਭਵਤੀ ਸੀ। ਬਾਨੋ ਦੇ ਨਾਲ ਇਹ ਘਿਨੌਣੀ ਘਟਨਾ ਗੋਧਰਾ 'ਚ ਕਾਰ ਸੇਵਕਾਂ ਨਾਲ ਭਰੀ ਇਕ ਰੇਲ ਗੱਡੀ ਨੂੰ ਸਾੜਨ ਦੀ ਘਟਨਾ ਤੋਂ ਬਾਅਦ ਗੁਜਰਾਤ 'ਚ ਹੋਏ ਦੰਗਿਆਂ ਦੌਰਾਨ ਵਾਪਰੀ ਸੀ। ਦੰਗਿਆਂ ਦੌਰਾਨ ਉਸ ਦੇ ਪਰਿਵਾਰ ਦੇ 7 ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ 'ਚ ਉਸ ਦੀ 3 ਸਾਲਾ ਧੀ ਵੀ ਸ਼ਾਮਲ ਸੀ। ਇਸ ਮਾਮਲੇ 'ਚ 11 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ ਨੂੰ ਗੁਜਰਾਤ ਸਰਕਾਰ ਦੀ ਮੁਆਫ਼ੀ ਨੀਤੀ ਤਹਿਤ 15 ਅਗਸਤ ਨੂੰ ਗੋਧਰਾ ਸਬ-ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਦੋਸ਼ੀਆਂ ਨੇ 15 ਸਾਲ ਦੀ ਸਜ਼ਾ ਪੂਰੀ ਕਰ ਲਈ ਹੈ।