ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ DSGMC ਦਾ ਖਾਸ ਉਪਰਾਲਾ
Sunday, Sep 08, 2019 - 10:55 AM (IST)

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਮੌਕੇ ਇਕ ਖਾਸ ਉਪਰਾਲਾ ਕਰਨ ਜਾ ਰਹੀ ਹੈ। ਕਮੇਟੀ ਵਲੋਂ ਗੁਰੂ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਬਾਈਕ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਬਾਈਕ ਰੈਲੀ 6 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਤੋਂ ਪੰਜਾਬ ਦੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤਕ ਕੱਢੀ ਜਾਵੇਗੀ। ਜਿਸ ਦੇ ਜ਼ਰੀਏ ਸਮਾਜ 'ਚ ਸ਼ਾਂਤੀ, ਪਿਆਰ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਜਾਵੇਗਾ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ 250 ਕਿਲੋਮੀਟਰ ਇਸ ਬਾਈਕ ਰੈਲੀ 'ਚ ਪੂਰੇ ਦੇਸ਼ ਦੇ ਕਰੀਬ 1500 ਬਾਈਕਰ ਹਿੱਸਾ ਲੈਣਗੇ ਅਤੇ 10 ਘੰਟਿਆਂ ਵਿਚ ਇਹ ਰੈਲੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇਗੀ। ਇਸ ਰੈਲੀ ਨੂੰ 'ਸਰਬੱਤ ਦਾ ਭਲਾ ਬਾਈਕ ਰੈਲੀ' ਨਾਂ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ 'ਸਰਬੱਤ ਦਾ ਭਲਾ ਬਾਈਕ ਰੈਲੀ' ਰਸਤੇ ਵਿਚ ਕੁੰਡਲੀ ਬਾਰਡਰ, ਪਾਣੀਪਤ, ਕਰਨਾਲ, ਅੰਬਾਲਾ 'ਚ ਰੁਕੇਗੀ, ਜਿੱਥੇ ਸਥਾਨਕ ਸਿੱਖ ਭਾਈਚਾਰਾ ਵੱਖ-ਵੱਖ ਸਮਾਰੋਹ ਆਯੋਜਿਤ ਕਰਕੇ ਬਾਈਕਰਾਂ ਨੂੰ ਸਨਮਾਨਤ ਕਰਨਗੇ ਅਤੇ ਰੈਲੀ ਦੇ ਜ਼ਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ, ਜਾਤ, ਭਾਈਚਾਰੇ ਅਤੇ ਖੇਤਰਵਾਦ ਤੋਂ ਉੱਪਰ ਉਠ ਕੇ ਨਵੀਂ ਨੌਜਵਾਨ ਪੀੜ੍ਹੀ ਨੂੰ ਮਨੁੱਖਤਾ ਦੀ ਸੇਵਾ ਪ੍ਰਤੀ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਲੱਗਭਗ 1,000 ਬਾਈਕਰ ਰੈਲੀ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਦੇਸ਼ ਦੇ ਪ੍ਰਮੁੱਖ 20 ਬਾਈਕਰ ਕਲੱਬ ਇਸ ਰੈਲੀ 'ਚ ਹਿੱਸੇਦਾਰੀ ਦੀ ਪੁਸ਼ਟੀ ਕਰ ਚੁੱਕੇ ਹਨ। ਇਸ ਰੈਲੀ ਨੂੰ ਸਫਲ ਬਣਾਉਣ ਲਈ ਇਕ ਵਿਸ਼ੇਸ਼ ਐਪ ਵੀ ਬਣਾਇਆ ਗਿਆ ਹੈ। ਇਸ ਵਿਚ ਸ਼ਾਮਲ ਹੋਣ ਵਾਲਾ ਬਾਈਕਰਾਂ ਨੂੰ ਸਾਰੇ ਖਰਚ ਖੁਦ ਕਰਨੇ ਹੋਣਗੇ। ਕਮੇਟੀ ਦੀ ਵੈੱਬਸਾਈਟ 'ਤੇ ਇਸ ਲਈ ਰਜਿਸਟ੍ਰੇਸ਼ਨ ਜਾਰੀ ਹੈ।