ਦੋ ਹਿੱਸਿਆਂ ''ਚ ਵੰਡੀ ਗਈ ਦਿੱਲੀ ਜਾ ਰਹੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ, ਡਿੱਬਿਆਂ ਤੋਂ ਵੱਖ ਹੋਇਆ ਇੰਜਣ
Monday, Jul 29, 2024 - 04:59 PM (IST)
ਸਮਸਤੀਪੁਰ- ਬਿਹਾਰ ਦੇ ਸਮਸਤੀਪੁਰ 'ਚ ਸੋਮਵਾਰ ਯਾਨੀ ਕਿ ਅੱਜ ਇਕ ਵੱਡਾ ਰੇਲ ਹਾਦਸਾ ਟਲ ਗਿਆ। ਦਰਅਸਲ ਦਰਭੰਗਾ ਤੋਂ ਨਵੀਂ ਦਿੱਲੀ ਜਾ ਰਹੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਰੇਲ ਅਚਾਨਕ ਦੋ ਹਿੱਸਿਆਂ 'ਚ ਵੰਡੀ ਗਈ। ਇਸ ਹਾਦਸੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਇਹ ਘਟਨਾ ਸਮਸਤੀਪੁਰ-ਮੁਜ਼ੱਫਰਪੁਰ ਰੇਲ ਡਿਵੀਜ਼ਨ ਦੇ ਖੁਦੀਰਾਮ ਬੋਸ ਪੂਸਾ ਰੇਲਵੇ ਸਟੇਸ਼ਨ ਕੋਲ ਵਾਪਰੀ। ਦਰਅਸਲ ਸਮਸਤੀਪੁਰ ਤੋਂ ਨਵੀਂ ਦਿੱਲੀ ਜਾ ਰਹੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਰੇਲ ਦੋ ਹਿੱਸਿਆਂ ਵਿੱਚ ਵੰਡੀ ਗਈ। ਰੇਲ ਦੇ ਦੋ ਹਿੱਸਿਆਂ 'ਚ ਵੰਡੇ ਜਾਣ ਤੋਂ ਬਾਅਦ ਇਸ 'ਚ ਸਫਰ ਕਰ ਰਹੇ ਯਾਤਰੀਆਂ 'ਚ ਹਫੜਾ-ਦਫੜੀ ਮਚ ਗਈ। ਕਿਸੇ ਤਰ੍ਹਾਂ ਰੇਲ ਨੂੰ ਰੋਕਿਆ ਗਿਆ। ਰੇਲ ਦੇ ਦੋ ਹਿੱਸਿਆਂ 'ਚ ਵੰਡੇ ਜਾਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਰੇਲਵੇ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਇੰਜਣ ਤੋਂ ਡੱਬਿਆਂ ਨੂੰ ਜੋੜਨ ਦੇ ਕੰਮ ਵਿਚ ਜੁੱਟ ਗਏ। ਇਸ ਘਟਨਾ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ। ਹਾਲਾਂਕਿ ਰੇਲਵੇ ਦੇ ਅਧਿਕਾਰੀਆਂ ਨੇ ਜਲਦੀ ਹੀ ਸਥਿਤੀ ਨੂੰ ਆਮ ਕਰ ਦਿੱਤਾ। ਇਸ ਹਾਦਸੇ ਮਗਰੋਂ ਰੇਲ ਵਿਚ ਸਵਾਰ ਯਾਤਰੀਆਂ ਵਿਚਾਲੇ ਹਫੜਾ-ਦਫੜੀ ਮਚ ਗਈ। ਲੋਕੋ ਪਾਇਲਟ ਨੇ ਆਪਣੀ ਸਮਝਦਾਰੀ ਦਾ ਪਰਿਚੈ ਦਿੰਦੇ ਹੋਏ ਰੇਲ ਨੂੰ ਰੋਕ ਦਿੱਤਾ ਅਤੇ ਨੇੜੇ ਹੀ ਸਟੇਸ਼ਨ ਮਾਸਟਰ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਟੈਕਨੀਕਲ ਟੀਮ ਮੌਕੇ 'ਤੇ ਪਹੁੰਚੀ ਅਤੇ ਰੇਲ ਦੇ ਟੁੱਟੇ ਹੋਏ ਕਪਲਿੰਗ ਨੂੰ ਠੀਕ ਕਰ ਕੇ ਅੱਗੇ ਰਵਾਨਾ ਕੀਤਾ।
ਰੇਲ ਦੇ ਵੱਖ ਹੋਣ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਮੌਕੇ 'ਤੇ ਪਿੰਡ ਵਾਸੀਆਂ ਦੀ ਭੀੜ ਵੀ ਇਕੱਠੀ ਹੋ ਗਈ। ਸੋਨਪੁਰ ਰੇਲਵੇ ਡਿਵੀਜ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਇੰਜਣ ਅਤੇ ਡੱਬਿਆਂ ਨੂੰ ਜੋੜਨ ਵਾਲੀ ਕਪਲਿੰਗ ਟੁੱਟਣ ਕਾਰਨ ਵਾਪਰਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ, ਰੇਲ ਦੀ ਮੁਰੰਮਤ ਕਰ ਕੇ ਦਿੱਲੀ ਭੇਜ ਦਿੱਤੀ ਗਈ ਹੈ।