ਬਿਹਾਰ ''ਚ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝੜਪ, ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
Saturday, May 24, 2025 - 01:38 PM (IST)

ਬਕਸਰ : ਬਿਹਾਰ ਦੇ ਬਕਸਰ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਮਾਮੂਲੀ ਝਗੜੇ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਝੜਪ ਹੋਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਕੁਝ ਲੋਕਾਂ ਨੇ ਫਾਇਰਿੰਗ ਕਰਕੇ 3 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਇਹ ਝੜਪ ਰਾਜਪੁਰ ਥਾਣਾ ਖੇਤਰ ਦੇ ਅਧੀਨ ਅਹੀਆਪੁਰ ਪਿੰਡ ਵਿੱਚ ਸਵੇਰੇ 5 ਵਜੇ ਦੇ ਕਰੀਬ ਹੋਈ, ਜਦੋਂ ਦੋਵਾਂ ਧਿਰਾਂ ਵਿਚਕਾਰ ਬਹਿਸ ਤੋਂ ਬਾਅਦ ਮਾਮਲਾ ਹਿੰਸਕ ਹੋ ਗਿਆ।
ਰਾਜਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਸੰਤੋਸ਼ ਕੁਮਾਰ ਨੇ ਕਿਹਾ, "ਅਹੀਆਪੁਰ ਪਿੰਡ ਵਿੱਚ ਮਾਮੂਲੀ ਝਗੜੇ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ। ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਪੰਜ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ।" ਉਨ੍ਹਾਂ ਕਿਹਾ ਕਿ ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਦਾ ਇਲਾਜ ਚੱਲ ਰਿਹਾ ਹੈ।
ਸਟੇਸ਼ਨ ਇੰਚਾਰਜ ਨੇ ਕਿਹਾ ਕਿ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਵਿਨੋਦ ਸਿੰਘ ਅਤੇ ਵੀਰੇਂਦਰ ਯਾਦਵ ਵਜੋਂ ਹੋਈ ਹੈ, ਜਦੋਂ ਕਿ ਇੱਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ, "ਘਟਨਾ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੈ। ਕੁਝ ਪਿੰਡ ਵਾਸੀਆਂ ਨੇ ਕਿਹਾ ਕਿ ਗੋਲੀਬਾਰੀ ਕਿਸੇ ਮਾਮੂਲੀ ਗੱਲ 'ਤੇ ਹੋਈ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।"