MP ''ਚ ''ਖੂਨੀ ਹੋਲੀ''! ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਹਿੰਸਕ ਝੜਪ, ਇਕ ਦੀ ਮੌਤ
Thursday, Mar 05, 2026 - 07:01 PM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਮਊਗੰਜ ਜ਼ਿਲ੍ਹੇ ਦੇ ਪਿੰਡ ਢਾਬਾ ਗੌਤਮਾਨ ਵਿੱਚ ਹੋਲੀ ਵਾਲੇ ਦਿਨ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਖੂਨੀ ਸੰਘਰਸ਼ ਵਿੱਚ ਇੱਕ 55 ਸਾਲਾ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਪਿੰਡ ਵਿੱਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਇਹ ਖੂਨੀ ਟਕਰਾਅ ਹਨੂਮਨਾ ਥਾਣਾ ਖੇਤਰ ਦੇ ਪਿੰਡ ਢਾਬਾ ਗੌਤਮਾਨ ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਰਘੂਵੀਰ ਪਟੇਲ ਦੇ ਬੇਟੇ ਪੂਰਨ ਲਾਲ ਦਾ ਪਿੰਡ ਦੇ ਹੀ ਸਾਕਤ ਪਰਿਵਾਰ ਦੀ ਇਕ ਲੜਕੀ ਨਾਲ ਕਥਿਤ ਪ੍ਰੇਮ ਪ੍ਰਸੰਗ ਸੀ। ਕਰੀਬ ਦੋ ਸਾਲ ਪਹਿਲਾਂ ਦੋਵਾਂ ਦੇ ਘਰੋਂ ਭੱਜਣ ਤੋਂ ਬਾਅਦ ਪੂਰਨ ਲਾਲ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ, ਪਰ ਬਾਅਦ ਵਿੱਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਲੰਬੇ ਸਮੇਂ ਤੋਂ ਰੰਜਿਸ਼ ਚੱਲੀ ਆ ਰਹੀ ਸੀ।
ਘਟਨਾ 4 ਮਾਰਚ ਨੂੰ ਹੋਲੀ ਵਾਲੇ ਦਿਨ ਵਾਪਰੀ, ਜਦੋਂ ਸਾਕਤ ਪਰਿਵਾਰ ਦੇ ਕਰੀਬ 18 ਤੋਂ 20 ਲੋਕਾਂ ਨੇ ਪੂਰਨ ਲਾਲ ਪਟੇਲ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਸ ਦਾ ਪਿਤਾ ਰਘੂਵੀਰ ਪਟੇਲ ਵਿੱਚ-ਬਚਾਅ ਕਰਨ ਪਹੁੰਚਿਆ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਬੁਰੀ ਤਰ੍ਹਾਂ ਪਿਟਿਆ। ਇਸ ਹਮਲੇ ਵਿੱਚ ਰਘੂਵੀਰ ਪਟੇਲ, ਉਸ ਦੀ ਪਤਨੀ ਅਤੇ ਬੇਟਾ ਪੂਰਨ ਲਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਇਲਾਜ ਦੌਰਾਨ ਰਘੂਵੀਰ ਪਟੇਲ ਦੀ ਮੌਤ ਹੋ ਗਈ। ਦੂਜੇ ਪੱਖ ਦੇ ਵੀ ਕਰੀਬ ਪੰਜ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਰਘੂਵੀਰ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੇ ਗੁੱਸੇ ਵਿੱਚ ਆ ਕੇ ਅੰਤਿਮ ਸੰਸਕਾਰ ਕਰਨ ਤੋਂ ਮਨਾਂ ਕਰ ਦਿੱਤਾ ਅਤੇ ਭਾਰੀ ਹੰਗਾਮਾ ਕੀਤਾ। ਮੌਕੇ 'ਤੇ ਪਹੁੰਚੇ ਐਸਡੀਓਪੀ ਸਚੀ ਪਾਠਕ ਅਤੇ ਪੁਲਸ ਟੀਮ ਨੇ ਸਥਿਤੀ ਨੂੰ ਸੰਭਾਲਿਆ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕੁਝ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
