ਬਿਹਾਰ ਚੋਣ ਨਤੀਜੇ: ਨਿਤੀਸ਼ ਕੁਮਾਰ ਦੀ ਅਗਵਾਈ ''ਚ NDA ਬਿਹਾਰ ''ਚ ਫਿਰ ਬਣਾਏਗੀ ਸਰਕਾਰ
Tuesday, Nov 10, 2020 - 02:15 PM (IST)
ਪਟਨਾ— ਬਿਹਾਰ ਚੋਣਾਂ ਦੀ ਵੋਟਿੰਗ 'ਚ ਸੱਤਾਧਾਰੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਯਾਨੀ ਕਿ ਐੱਨ. ਡੀ. ਏ. ਨੂੰ ਲੀਡ ਮਿਲਣ ਦੇ ਰੁਝਾਨਾਂ ਦਰਮਿਆਨ ਜਨਤਾ ਦਲ ਯੂਨਾਈਟੇਡ (ਜਦਯੂ) ਨੇ ਵਿਸ਼ਵਾਸ ਜਤਾਇਆ ਹੈ ਕਿ ਰਾਜਗ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਫਿਰ ਸਰਕਾਰ ਬਣਾਏਗਾ। ਚੋਣ ਕਮਿਸ਼ਨ ਨੇ ਅੰਕੜਿਆਂ ਮੁਤਾਬਕ ਬਿਹਾਰ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਮੁਤਾਬਕ 243 ਸੀਟਾਂ 'ਚੋਂ ਰਾਜਗ 127 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ, ਜਦਕਿ ਮਹਾਗਠਜੋੜ 100 ਸੀਟਾਂ 'ਤੇ ਲੀਡ ਬਣਾਏ ਹੋਏ ਹਨ। ਰੁਝਾਨਾਂ ਵਿਚ ਭਾਜਪਾ 73 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਸਹਿਯੋਗੀ ਜਦ (ਯੂ) 46 ਸੀਟਾਂ 'ਤੇ ਅਤੇ ਵੀ. ਆਈ. ਪੀ. ਪਾਰਟੀ 7 ਸੀਟਾਂ 'ਤੇ ਲੀਡ ਕਰ ਰਹੀ ਹੈ। ਮਹਾਗਠਜੋੜ ਵਿਚ ਰਾਜਦ 62 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਕਾਂਗਰਸ 20 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਜਦ (ਯੂ) ਦੇ ਪ੍ਰਦੇਸ਼ ਪ੍ਰਧਾਨ ਨਾਰਾਇਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਰਾਜਗ ਸੂਬੇ ਵਿਚ ਨਿਤੀਸ਼ ਕੁਮਾਰ ਦੀ ਅਗਵਾਈ 'ਚ ਸਰਕਾਰ ਬਣਾਏਗਾ। ਵਿਰੋਧੀ ਧਿਰ ਨੇ ਵੋਟਰਾਂ ਨੂੰ ਲੁਭਾਉਣ ਲਈ ਗੁੰਮਰਾਹ ਕਰਨ ਦੀ ਮੁਹਿੰਮ ਚਲਾਈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਰਕਾਰ ਦੀ ਅਗਵਾਈ ਭਾਜਪਾ ਜਾਂ ਜਦ (ਯੂ) ਵਿਚੋਂ ਕੌਣ ਕਰੇਗਾ, ਇਸ 'ਤੇ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਕਈ ਮੌਕਿਆਂ 'ਤੇ ਪੂਰੀ ਤਰ੍ਹਾਂ ਨਾਲ ਸਪੱਸ਼ਟ ਕੀਤਾ ਹੈ ਕਿ ਕੌਣ ਸਰਕਾਰ ਬਣਾਏਗਾ। ਬਿਹਾਰ ਪ੍ਰਦੇਸ਼ ਭਾਜਪਾ ਪ੍ਰਧਾਨ ਸੰਜੇ ਜਾਇਸਵਾਲ ਨੇ ਹਾਲਾਂਕਿ ਮੀਡੀਆ ਨੂੰ ਪ੍ਰਤੀਕਿਰਿਆ ਲਈ ਸ਼ਾਮ 5 ਵਜੇ ਤੱਕ ਉਡੀਕ ਕਰਨ ਨੂੰ ਕਿਹਾ ਹੈ।