ਬਿਹਾਰ ਚੋਣਾਂ ਤੋਂ ਪਹਿਲਾਂ PM ਮੋਦੀ ਨੇ ਸੂਬੇ ਨੂੰ ਦਿੱਤੀਆਂ ਕਈ ਨਵੀਆਂ ਸੌਗਾਤਾਂ

Tuesday, Sep 15, 2020 - 01:27 PM (IST)

ਬਿਹਾਰ ਚੋਣਾਂ ਤੋਂ ਪਹਿਲਾਂ PM ਮੋਦੀ ਨੇ ਸੂਬੇ ਨੂੰ ਦਿੱਤੀਆਂ ਕਈ ਨਵੀਆਂ ਸੌਗਾਤਾਂ

ਨਵੀਂ ਦਿੱਲੀ- ਬਿਹਾਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਨੂੰ ਕਈ ਨਵੀਆਂ ਸੌਗਾਤਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬਿਹਾਰ 'ਚ ਨਮਾਮਿ ਗੰਗੇ ਨਾਲ ਜੁੜੇ ਕਈ ਪ੍ਰਾਜੈਕਟਸ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਆਪਣੇ ਸੰਬੋਧਨ 'ਚ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਇਸ ਕੰਮ 'ਚ ਬਹੁਤ ਵੱਡਾ ਯੋਗਦਾਨ ਬਿਹਾਰ ਦਾ ਵੀ ਹੈ, ਬਿਹਾਰ ਤਾਂ ਦੇਸ਼ ਦੇ ਵਿਕਾਸ ਨੂੰ ਨਵੀਂ ਉੱਚਾਈ ਦੇਣ ਵਾਲੇ ਲੱਖਾਂ ਇੰਜੀਨੀਅਰ ਦਿੰਦਾ ਹੈ। ਆਪਣੇ ਸੰਬੋਧਨ 'ਚ ਪੀ.ਐੱਮ. ਮੋਦੀ ਨੇ ਵਿਰੋਧੀ ਧਿਰ 'ਤੇ ਤੰਜ਼ ਵੀ ਕੱਸਿਆ। ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰ ਅਤੇ ਬਿਹਾਰ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਬਿਹਾਰ ਦੇ ਸ਼ਹਿਰਾਂ 'ਚ ਪੀਣ ਦਾ ਪਾਣੀ ਅਤੇ ਸੀਵਰ ਵਰਗੀਆਂ ਮੂਲ ਸਹੂਲਤਾਂ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਮਿਸ਼ਨ ਅੰਮ੍ਰਿਤ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਅਧੀਨ ਬੀਤੇ 4-5 ਸਾਲਾਂ 'ਚ ਬਿਹਾਰ ਦੇ ਸ਼ਹਿਰੀ ਖੇਤਰ 'ਚ ਲੱਖਾਂ ਪਰਿਵਾਰਾਂ ਨੂੰ ਪਾਣੀ ਦੀ ਸਹੂਲਤ ਨਾਲ ਜੋੜਿਆ ਗਿਆ ਹੈ।

ਨਰਿੰਦਰ ਮੋਦੀ ਨੇ ਕਿਹਾ ਕਿ ਸੜਕਾਂ ਹੋਣ, ਗਲੀਆਂ ਹੋਣ, ਪੀਣ ਦਾ ਪਾਣੀ ਹੋਵੇ, ਅਜਿਹੀਆਂ ਕਈ ਮੂਲ ਸਮੱਸਿਆਵਾਂ ਨੂੰ ਜਾਂ ਤਾਂ ਟਾਲ ਦਿੱਤਾ ਗਿਆ ਜਾਂ ਫਿਰ ਜਦੋਂ ਵੀ ਇਨ੍ਹਾਂ ਨਾਲ ਜੁੜੇ ਕੰਮ ਹੋਏ, ਉਹ ਘਪਲਿਆਂ ਦੀ ਭੇਟ ਚੜ੍ਹ ਗਏ। ਪੀ.ਐੱਮ. ਨੇ ਕਿਹਾ ਕਿ ਜਦੋਂ ਸ਼ਾਸਨ 'ਤੇ ਸਵਾਰਥ ਨੀਤੀ ਹਾਵੀ ਹੋ ਜਾਂਦੀ ਹੈ, ਵੋਟ ਬੈਂਕ ਦਾ ਤੰਤਰ ਸਿਸਟਮ ਨੂੰ ਦਬਾਉਣ ਲੱਗਦਾ ਹੈ। ਜਿਸ ਦਾ ਸਭ ਤੋਂ ਵੱਧ ਅਸਰ ਸਮਾਜ ਦੇ ਉਸ ਵਰਗ ਨੂੰ ਪੈਂਦਾ ਹੈ, ਜੋ ਤੰਗ ਹਨ, ਵਾਂਝੇ ਹਨ, ਸ਼ੋਸ਼ਿਤ ਹਨ। ਬਿਹਾਰ ਦੇ ਲੋਕਾਂ ਨੇ ਇਸ ਦਰਦ ਨੂੰ ਦਹਾਕਿਆਂ ਤੱਕ ਸਹਿਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਇਕ ਸਾਲ 'ਚ, ਜਲ ਜੀਵਨ ਮਿਸ਼ਨ ਦੇ ਅਧੀਨ ਪੂਰੇ ਦੇਸ਼ 'ਚ 2 ਕਰੋੜ ਤੋਂ ਵੱਧ ਪਾਣੀ ਦੇ ਕਨੈਕਸ਼ਨ ਦਿੱਤੇ ਜਾ ਚੁਕੇ ਹਨ। ਅੱਜ ਦੇਸ਼ 'ਚ ਹਰ ਦਿਨ ਇਕ ਲੱਖ ਤੋਂ ਵੱਧ ਘਰਾਂ ਨੂੰ ਪਾਈਪ ਨਾਲ ਪਾਣੀ ਦੇ ਨਵੇਂ ਕਨੈਕਸ਼ਨ ਨਾਲ ਜੋੜਿਆ ਜਾ ਰਿਹਾ ਹੈ, ਸਵੱਛ ਪਾਣੀ, ਨਾ ਸਿਰਫ਼ ਜੀਵਨ ਬਿਹਤਰ ਬਣਾਉਂਦਾ ਹੈ, ਸਗੋਂ ਕਈ ਗੰਭੀਰ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।

ਨਮਾਮਿ ਗੰਗੇ ਨੂੰ ਲੈ ਕੇ ਪੀ.ਐੱਮ. ਨੇ ਦੱਸਿਆ ਕਿ ਗੰਗਾ ਨਾਲ ਲੱਗਦੇ ਪਿੰਡਾਂ ਨੂੰ ਗੰਗਾ ਪਿੰਡ ਬਣਾਇਆ ਜਾਵੇਗਾ, ਨਾਲ ਹੀ ਨਾਲੇ ਰਾਹੀਂ ਜਾਣ ਵਾਲੇ ਗੰਦੇ ਪਾਣੀ ਨੂੰ ਰੋਕਿਆ ਜਾਵੇਗਾ। ਬਿਹਾਰ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਧਰਤੀ ਤਾਂ ਕਾਢ ਅਤੇ ਨਵੀਨਤਾ ਦੀ ਸਮਾਨਾਰਥੀ ਰਹੀ ਹੈ। ਸਾਡੇ ਭਾਰਤੀ ਇੰਜੀਨੀਅਰਾਂ ਨੇ ਸਾਡੇ ਦੇਸ਼ ਦੇ ਨਿਰਮਾਣ 'ਚ ਅਤੇ ਦੁਨੀਆ ਦੇ ਨਿਰਮਾਣ 'ਚ ਵੀ ਯੋਗਦਾਨ ਦਿੱਤਾ ਹੈ। ਭਾਵੇਂ ਕੰਮ ਨੂੰ ਲੈ ਕੇ ਸਮਰਪਣ ਹੋਵੇ ਜਾਂ ਉਨ੍ਹਾਂ ਦੀ ਬਾਰੀਕ ਨਜ਼ਰ, ਭਾਰਤੀਆਂ ਇੰਜੀਨੀਅਰਾਂ ਦੀ ਦੁਨੀਆ 'ਚ ਇਕ ਵੱਖ ਹੀ ਪਛਾਣ ਹੈ। ਆਪਣੇ ਸੰਬੋਧਨ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਜਿਨ੍ਹਾਂ ਚਾਰ ਪ੍ਰਾਜੈਕਟਾਂ ਦਾ ਉਦਘਾਟਨ ਹੋ ਰਿਹਾ ਹੈ, ਉਸ 'ਚ ਪਟਨਾ ਸ਼ਹਿਰ ਦੇ ਬੇਉਰ ਅਤੇ ਕਰਮਲੀਚਕ 'ਚ ਸੀਵਰ ਟ੍ਰੀਟਮੈਂਟ ਪਲਾਂਟ ਤੋਂ ਇਲਾਵਾ ਅੰਮ੍ਰਿਤ ਯੋਜਨਾ ਦੇ ਅਧੀਨ ਸੀਵਾਨ ਅਤੇ ਛਪਰਾ 'ਚ ਪਾਣੀ ਨਾਲ ਜੁੜੇ ਪ੍ਰਾਜੈਕਟਸ ਵੀ ਸ਼ਾਮਲ ਹਨ।


author

DIsha

Content Editor

Related News