ਭਾਜਪਾ ਅਤੇ JDU ਦਰਮਿਆਨ ਹੋਈ ਸੀਟਾਂ ਦੀ ਵੰਡ, ਨਿਤੀਸ਼ ਕੁਮਾਰ ਹੋਣਗੇ ਗਠਜੋੜ ਦਾ ਚਿਹਰਾ
Tuesday, Oct 06, 2020 - 05:42 PM (IST)
ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਜਨਤਾ ਦਲ (ਯੂ) ਦਰਮਿਆਨ ਸੀਟਾਂ ਦੀ ਵੰਡ ਹੋ ਗਈ ਹੈ। ਬਿਹਾਰ 'ਚ ਭਾਜਪਾ 121 ਸੀਟਾਂ 'ਤੇ ਚੋਣ ਲੜੇਗੀ, ਜਦੋਂ ਕਿ ਜਨਤਾ ਦਲ (ਯੂ) ਨੂੰ 122 ਸੀਟਾਂ ਦੇਣ 'ਤੇ ਸਹਿਮਤੀ ਬਣੀ ਹੈ, ਜਿਸ 'ਚੋਂ 7 ਸੀਟਾਂ 'ਤੇ ਜੀਤਨਰਾਮ ਮਾਂਝੀ ਦੀ ਪਾਰਟੀ 'ਹਮ' ਚੋਣ ਲੜੇਗੀ। ਇਹ ਸੀਟਾਂ ਜਨਤਾ ਦਲ (ਯੂ) ਕੋਟੇ ਤੋਂ ਹੋਣਗੀਆਂ। ਹਾਲ ਹੀ 'ਚ ਜੀਤਨਰਾਮ ਮਾਂਝੀ ਮਹਾਗਠਜੋੜ ਛੱਡ ਕੇ ਐੱਨ.ਡੀ.ਏ. 'ਚ ਸ਼ਾਮਲ ਹੋਏ ਹਨ। ਬਿਹਾਰ ਵਿਧਾਨ ਸਭਾ ਚੋਣਾਂ 'ਚ ਭਾਜਪਾ ਨਿਤੀਸ਼ ਸਰਕਾਰ ਦੀ ਅਗਵਾਈ 'ਚ ਹੀ ਚੋਣ ਲੜੇਗੀ।
ਉੱਥੇ ਹੀ ਕੇਂਦਰ 'ਚ ਐੱਨ.ਡੀ.ਏ. ਦੀ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ (ਐੱਲ.ਜੇ.ਪੀ.) ਨੇ ਬਿਹਾਰ 'ਚ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਲੋਜਪਾ ਪ੍ਰਧਾਨ ਚਿਰਾਗ ਪਾਸਵਾਨ ਨੇ ਕਿਹਾ ਕਿ ਉਹ ਭਾਜਪਾ ਦੇ ਉਮੀਦਵਾਰਾਂ ਵਿਰੁੱਧ ਆਪਣੀ ਉਮੀਦਵਾਰ ਨਹੀਂ ਉਤਾਰਨਗੇ। ਜਨਤਾ ਦਲ (ਯੂ) ਜਿਸ ਵੀ ਸੀਟ ਤੋਂ ਚੋਣ ਲੜੇਗੀ, ਐੱਲ.ਜੇ.ਪੀ. ਨੇ ਉਨ੍ਹਾਂ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਐੱਲ.ਜੇ.ਪੀ. ਨੇ ਬਿਹਾਰ 'ਚ ਨਿਤੀਸ਼ ਕੁਮਾਰ ਦੀ ਸਰਕਾਰ 'ਤੇ ਸਵਾਲ ਚੁੱਕੇ ਸਨ।