ਬਿਹਾਰ 'ਚ ਵਿਧਾਨ ਸਭਾ ਦੀਆਂ 71 ਸੀਟਾਂ 'ਤੇ ਵੋਟਿੰਗ ਜਾਰੀ, ਜਾਣੋ ਤਾਜ਼ਾ ਸਥਿਤੀ
Wednesday, Oct 28, 2020 - 02:51 PM (IST)
ਪਟਨਾ- ਬਿਹਾਰ ਵਿਧਾਨ ਸਭਾ ਚੋਣ ਦੇ ਪਹਿਲੇ ਪੜਾਅ 'ਚ 16 ਜ਼ਿਲ੍ਹਿਆਂ ਦੀਆਂ 71 ਵਿਧਾਨ ਸਭਾ ਖੇਤਰਾਂ ਲਈ ਸਖਤ ਨਿਗਰਾਨੀ ਅਤੇ ਪੂਰੀ ਸੁਰੱਖਿਆ ਵਿਵਸਥਾ ਦਰਮਿਆਨ ਬੁੱਧਵਾਰ ਨੂੰ ਹੋ ਰਹੀ ਵੋਟਿੰਗ ਦੁਪਹਿਰ ਇਕ ਵਜੇ ਤੱਕ 33.10 ਫੀਸਦੀ ਤੱਕ ਪਹੁੰਚ ਗਈ ਹੈ। ਮੁੱਖ ਚੋਣ ਅਧਿਕਾਰੀ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ 71 ਵਿਧਾਨ ਸਭਾ ਖੇਤਰਾਂ 'ਚ ਸਵੇਰੇ 7 ਵਜੇ ਸਖਤ ਨਿਗਰਾਨੀ ਅਤੇ ਸੁਰੱਖਿਆ ਵਿਵਸਥਾ ਦਰਮਿਆਨ ਕੋਵਿਡ-19 ਨੂੰ ਲੈ ਕੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਵੋਟਿੰਗ ਸ਼ੁਰੂ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਅੱਜ 2 ਕਰੋੜ 14 ਲੱਖ 84 ਹਜ਼ਾਰ 787 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਦੌਰਾਨ ਔਰੰਗਾਬਾਦ ਜ਼ਿਲ੍ਹੇ 'ਚ ਕੁਟੁੰਡਾ (ਸੁਰੱਖਿਅਤ) ਵਿਧਾਨ ਸਭਾ ਖੇਤਰ 'ਚ ਸਭ ਤੋਂ ਵੱਧ 19 ਫੀਸਦੀ ਵੋਟ ਪਏ ਹਨ, ਉੱਥੇ ਹੀ ਬਾਰਚੱਟੀ 'ਚ ਸਭ ਤੋਂ ਘੱਟ 3 ਫੀਸਦੀ ਵੋਟ ਪਏ ਹਨ। ਇਸੇ ਤਰ੍ਹਾਂ ਔਰੰਗਾਬਾਦ ਜ਼ਿਲ੍ਹੇ 'ਚ ਸਭ ਤੋਂ ਵੱਧ 11.47 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉੱਥੇ ਹੀ ਭਾਗਲਪੁਰ ਜ਼ਿਲ੍ਹੇ 'ਚ ਸਭ ਤੋਂ ਘੱਟ 3.20 ਫੀਸਦੀ ਵੋਟ ਪਏ ਹਨ।
ਸੰਜੇ ਨੇ ਦੱਸਿਆ ਕਿ ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਲਈ ਸਾਰੇ ਵੋਟਿੰਗ ਕੇਂਦਰ 'ਚ ਨੀਮ ਫੌਜੀ ਫੋਰਸਾਂ ਦੀ ਤਾਇਨਾਤੀ ਕੀਤੀ ਗਈ ਹੈ। ਕੁੱਲ 31,380 ਵੋਟਿੰਗ ਕੇਂਦਰਾਂ ਲਈ 31,380-31,380 ਸੈੱਟ ਈ.ਵੀ.ਐੱਮ. ਅਤੇ ਵੀਵੀਪੈਟ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਯਾਨੀ ਬੁੱਧਵਾਰ ਜਿਨ੍ਹਾਂ ਵਿਧਾਨ ਸਭਾ ਖੇਤਰਾਂ 'ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ 'ਚੋਂ 35 ਸੰਵੇਦਨਸ਼ੀਲ ਅਤੇ ਕੁਝ ਬੇਹੱਦ ਸੰਵੇਦਨਸ਼ੀਲ ਹਨ, ਜਿੱਥੇ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 5 ਅਤੇ 4 ਵਜੇ ਤੈਅ ਕੀਤਾ ਗਿਆ ਹੈ, ਜਦੋਂ ਕਿ ਬਾਕੀ ਹੋਰ ਵਿਧਾਨ ਸਭਾ ਖੇਤਰਾਂ 'ਚ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੰਜੇ ਨੇ ਦੱਸਿਆ ਕਿ ਪਹਿਲੇ ਪੜਾਅ ਦੀਆਂ 71 ਵਿਧਾਨ ਸਭਾ ਸੀਟਾਂ 'ਚੋਂ ਖੇਤਰ ਵਾਰ ਸਭ ਤੋਂ ਵੱਡਾ ਵਿਧਾਨ ਸਭਾ ਖੇਤਰ ਚੈਨਪੁਰ ਹੈ। ਇਸੇ ਤਰ੍ਹਾਂ ਪਹਿਲੇ ਪੜਾਅ 'ਚ ਗਿਆ ਟਾਊਨ ਵਿਧਾਨ ਸਭਾ ਖੇਤਰ ਤੋਂ ਇਸ ਵਾਰ ਸਭ ਤੋਂ ਵੱਧ ਉਮੀਦਵਾਰ (27) ਅਤੇ ਕਟੋਰੀਆ 'ਚ ਸਭ ਤੋਂ ਘੱਟ ਉਮੀਦਵਾਰ (5) ਮੈਦਾਨ 'ਚ ਹਨ।