ਬਿਹਾਰ : ਕਲਰਕ ਕੋਲੋਂ ਮਿਲੀ 25 ਲੱਖ ਦੀ ਨਕਦੀ, ਨੋਟਾਂ ਨਾਲ ਭਰੀ ਬੋਰੀ ਸੁੱਟ ਦਿੱਤੀ ਸੀ ਘਰ ਦੇ ਬਾਹਰ
Saturday, Jan 21, 2023 - 10:31 AM (IST)

ਦਰਭੰਗਾ- ਬਿਹਾਰ ਦੇ ਦਰਭੰਗਾ ਵਿਚ ਸ਼ੁੱਕਰਵਾਰ ਵਿਜੀਲੈਂਸ ਟੀਮ ਦੀ 14 ਮੈਂਬਰੀ ਟੀਮ ਨੇ ਜ਼ਿਲ੍ਹੇ ਦੇ ਪੰਡਾਸਰਾਏ ਪਹੁੰਚ ਕੇ ਇਕ ਹੈੱਡ ਕਲਰਕ ਸੁਭਾਸ਼ ਕੁਮਾਰ ਸਿੰਘ ਦੇ ਘਰ ਛਾਪਾ ਮਾਰਿਆ। ਛਾਪੇ ਦੀ ਸੂਚਨਾ ਮਿਲਦਿਆਂ ਹੀ ਰਿਸ਼ਤੇਦਾਰਾਂ ਨੇ ਨੋਟਾਂ ਨਾਲ ਭਰੀ ਬੋਰੀ ਘਰ ਦੇ ਬਾਹਰ ਸੁੱਟ ਦਿੱਤੀ। ਟੀਮ ਨੇ ਬੋਰੀ ਕਬਜ਼ੇ 'ਚ ਲੈ ਲਈ। ਬੋਰੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 25 ਲੱਖ ਤੋਂ ਵੱਧ ਦੀ ਨਕਦੀ ਬਰਾਮਦ ਹੋਈ। ਇਸ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਵੀ ਬਰਾਮਦ ਕੀਤਾ ਗਿਆ। ਟੀਮ ਨੇ ਗਹਿਣੇ ਅਤੇ ਜ਼ਮੀਨ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ।
ਇਸ ਤੋਂ ਇਲਾਵਾ ਸੁਭਾਸ਼ ਦੇ ਸਹੁਰੇ ਦੇ ਰਿਹਾਇਸ਼ੀ ਟਿਕਾਣੇ ਤੇ ਕੰਪਨੀ ਦੀ ਵੀ ਤਲਾਸ਼ੀ ਲਈ ਗਈ। ਸੁਭਾਸ਼ ਕੁਮਾਰ ਸਿੰਘ ਦਰਭੰਗਾ 'ਚ ਪੇਂਡੂ ਵਿਭਾਗ ਦੇ ਦਫ਼ਤਰ 'ਚ ਕੰਮ ਕਰਦਾ ਹੈ । ਟੀਮ ਨੂੰ ਸੂਚਨਾ ਮਿਲੀ ਸੀ ਕਿ ਦਰਭੰਗਾ ’ਚ ਤਾਇਨਾਤ ਗ੍ਰਾਮੀਣ ਵਿਭਾਗ ਦੇ ਹੈੱਡ ਕਲਰਕ ਸੁਭਾਸ਼ ਨੇ ਆਮਦਨ ਦੇ ਜਾਣੂ ਸੋਮਿਆਂ ਤੋਂ ਵਧ ਜਾਇਦਾਦ ਬਣਾਈ ਹੈ।