ਪਾਕਿਸਤਾਨ ਨੂੰ ਵੱਡਾ ਝਟਕਾ, ਨਹੀਂ ਮਿਲੇਗਾ ਉੱਜ ਦਾ ਪਾਣੀ

05/16/2020 11:15:11 PM

ਜੰਮੂ (ਰੋਸ਼ਨੀ) - ਜੰਮੂ ਕਸ਼ਮੀਰ ਦੇ ਡ੍ਰੀਮ ਉੱਜ ਮਲਟੀਪਰਪਸ ਪ੍ਰਾਜੈਕਟ ਦੇ ਜਲਦ ਸ਼ੁਰੂ ਹੋਣ ਦੀ ਉਮੀਦ ਜਾਗੀ ਹੈ ਪਰ ਇਸ ਪ੍ਰਾਜੈਕਟ ਨਾਲ ਪਾਕਿਸਤਾਨ ਨੂੰ ਵੱਡਾ ਝਟਕਾ ਲੱਗੇਗਾ। ਇਸ ਪ੍ਰਾਜੈਕਟ ਦੀ ਸੋਧ ਡੀ. ਪੀ. ਆਰ. ਮੁਤਾਬਕ ਪਾਕਿਸਤਾਨ ਵੱਲ ਜਾ ਰਹੇ ਪਾਣੀ 'ਤੇ ਰੋਕ ਲੱਗ ਜਾਵੇਗੀ ਅਤੇ ਇਹ ਪਾਣੀ ਜੰਮੂ ਕਸ਼ਮੀਰ ਦੇ ਖੇਤਾਂ ਦੀ ਸਿੰਜਾਈ ਕਰਨ ਦੇ ਕੰਮ ਆਵੇਗਾ। ਬੀਤੇ ਦਿਨ ਕੇਂਦਰੀ ਸਲਾਹਕਾਰ ਕਮੇਟੀ ਨੇ ਇਸ ਮਲਟੀਪਰਪਸ ਡ੍ਰੀਮ ਪ੍ਰਾਜੈਕਟ ਦੀ ਸੋਧ ਡੀ. ਪੀ. ਆਰ. ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਾਜੈਕਟ 'ਤੇ 9,167 ਕਰੋੜ ਰੁਪਏ ਦੀ ਲਾਗਤ ਆਵੇਗੀ। ਦੱਸ ਦਈਏ ਕਿ ਸਾਲਾਂ ਤੋਂ ਪ੍ਰਾਜੈਕਟ ਲੰਬਿਤ ਹਨ ਅਤੇ ਜਲ ਸਰੋਤ, ਨਦੀ ਵਿਕਾਸ ਵਿਭਾਗ ਦੇ ਕੇਂਦਰ ਸਕੱਤਰ ਯੂ. ਪੀ. ਸਿੰਘ ਦੀ ਅਗਵਾਈ ਵਿਚ ਹੋਈ 144ਵੀਂ ਬੈਠਕ ਵਿਚ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ। ਇਸ ਵਿਚ ਨਵੀਂ ਨਹਿਰ ਬਣਾ ਕੇ 7,044 ਹੈਕਟੇਅਰ ਭੂਮੀ ਦੀ ਸਿੰਜਾਈ ਦਾ ਪ੍ਰਸਤਾਵ ਹੈ। ਇਸ ਨਾਲ ਸਾਂਬਾ ਜ਼ਿਲੇ ਦੇ ਨਡ, ਸੁੰਬ, ਵਿਜੇਪੁਰ, ਘਘਵਾਲ, ਸਾਂਬਾ, ਪੁਰਮੰਡਲ ਅਤੇ ਬੜੀ ਬ੍ਰਾਹਮਣ ਦੇ 121 ਪਿੰਡਾਂ ਦੀ ਸਿੰਜਾਈ ਵਿਚ ਮਦਦ ਹੋਵੇਗੀ। ਇਸ ਨਹਿਰ ਨਾਲ ਸਾਂਬਾ ਜ਼ਿਲੇ ਦੇ ਲੋਕਾਂ ਨੂੰ ਪੀਣ ਦਾ ਪਾਣੀ ਮਿਲੇਗਾ ਅਤੇ ਉਦਯੋਗਾਂ ਨੂੰ ਵੀ ਪਾਣੀ ਦਿੱਤਾ ਜਾਵੇਗਾ। ਇਸ ਨਵੀਂ ਨਹਿਰ ਤੋਂ ਤਵੀ ਕਮਾਂਡ ਦੇ 12,569 ਹੈਕਟੇਅਰ ਭੂਮੀ ਨੂੰ ਪਾਣੀ ਦੇਣ ਵੀ ਪ੍ਰਸਤਾਵ ਹੈ। ਇਸ ਸਮੇਂ ਇਸ ਭੂਮੀ ਨੂੰ ਲਿਫਟ ਨਾਲ ਪਾਣੀ ਦਿੱਤਾ ਜਾਂਦਾ ਹੈ।

ਉੱਜ ਪ੍ਰਾਜੈਕਟ ਨੂੰ 2008 ਵਿਚ ਐਲਾਨ ਕੀਤਾ ਸੀ ਨੈਸ਼ਨਲ ਪ੍ਰਾਜੈਕਟ
ਉੱਜ ਪ੍ਰਾਜੈਕਟ ਨੂੰ ਸਾਲ 2008 ਵਿਚ ਨੈਸ਼ਨਲ ਪ੍ਰਾਜੈਕਟ ਐਲਾਨ ਕੀਤਾ ਗਿਆ ਸੀ। ਉੱਜ ਮਲਟੀਪਰਪਸ ਪ੍ਰਾਜੈਕਟ ਦੀ ਡੀ. ਪੀ. ਆਰ. ਸ਼ੁਰੂ ਵਿਚ ਸ੍ਰੈਂਟਲ ਵਾਟਰ ਕਮਿਸ਼ਨ 2013 ਦੇ ਇੰਡਸ ਬੇਸਿਨ ਆਰਗੇਨਾਈਜੇਨ ਨੇ ਤਿਆਰ ਕੀਤੀ ਸੀ। ਡੀ. ਪੀ. ਆਰ. 'ਤੇ ਪਹਿਲੀ ਵਾਰ ਨਵੰਬਰ 2016 ਵਿਚ ਸਲਾਹਕਾਰ ਕਮੇਟੀ ਦੀ ਬੈਠਕ ਵਿਚ ਚਰਚਾ ਹੋਈ ਸੀ। ਪ੍ਰਾਜੈਕਟ ਨੂੰ ਮਨਜ਼ੂਰੀ ਦਿੰਦੇ ਵੇਲੇ ਖੇਤੀਬਾੜੀ ਯੋਗ 16,743 ਹੈਕਟੇਅਰ ਭੂਮੀ ਦੀ ਸਿੰਜਾਈ ਹੋਣ ਦਾ ਪ੍ਰਸਤਾਵ ਰੱਖਿਆ ਗਿਆ।

ਤਵੀ ਨਦੀ ਨਾਲ ਜੁੜੇਗੀ ਰਾਵੀ ਨਦੀ
ਤਵੀ ਨਦੀ ਵਿਚ ਪਾਣੀ ਨਵੀਂ ਨਹਿਰ ਨਾਲ ਦਿੱਤਾ ਜਾਵੇਗਾ। ਰਾਵੀ ਨਦੀ ਨੂੰ ਤਵੀ ਨਦੀ ਦੇ ਨਾਲ ਵੀ ਜੋੜਿਆ ਜਾਵੇਗਾ। ਨਵੀਂ ਸੋਧ ਡੀ. ਪੀ. ਆਰ. ਵਿਚ ਸੱਜੇ ਪਾਸਿਓ ਨਿਕਲਣ ਵਾਲੀ ਨਹਿਰ ਤੋਂ 13,690 ਹੈਕਟੇਅਰ ਭੂਮੀ ਦੀ ਥਾਂ 'ਤੇ 33,294 ਹੈਕਟੇਅਰ ਭੂਮੀ ਨੂੰ ਸ਼ਾਮਲ ਕੀਤਾ ਹੈ।


Khushdeep Jassi

Content Editor

Related News